
'ਸ੍ਰੀ 420' ਤੋਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਮੁੰਬਈ, 30 ਅਪ੍ਰੈਲ: ਉਘੇ ਅਦਾਕਾਰ ਰਿਸ਼ੀ ਕਪੂਰ ਦਾ ਮੁੰਬਈ ਦੇ ਹਸਪਤਾਲ ਵਿਚ ਵੀਰਵਾਰ ਨੂੰ ਦਿਹਾਂਤ ਹੋ ਗਿਆ। ਉਹ 67 ਵਰ੍ਹਿਆਂ ਦੇ ਸਨ। ਰਿਸ਼ੀ ਕਪੂਰ 2018 ਤੋਂ ਖ਼ੂਨ ਦੇ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ। ਉਨ੍ਹਾਂ ਦੇ ਭਰਾ ਅਤੇ ਅਦਾਕਾਰ ਰਣਧੀਰ ਕਪੂਰ ਨੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿਤੀ। ਕਪੂਰ ਖ਼ਾਨਦਾਨ ਦੀ ਤੀਜੀ ਪੀੜ੍ਹੀ ਦੇ ਮਸ਼ਹੂਰ ਸ਼ਖ਼ਸ ਰਿਸ਼ੀ ਦੇ ਪਰਵਾਰ ਵਿਚ ਪਤਨੀ ਨੀਤੂ ਕਪੂਰ, ਬੇਟਾ ਰਣਬੀਰ ਕਪੂਰ ਅਤੇ ਬੇਟੀ ਰਿਧਿਮਾ ਕਪੂਰ ਹੈ।
ਤਬੀਅਤ ਵਿਗੜਨ ਮਗਰੋਂ ਬੁਧਵਾਰ ਨੂੰ ਉਨ੍ਹਾਂ ਨੂੰ ਐਚ ਐਨ ਰਿਲਾਇੰਸ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਜਿਥੇ ਵੀਰਵਾਰ ਸਵੇਰੇ ਪੌਣੇ ਨੌਂ ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸ਼ਾਮ ਸਮੇਂ ਪਰਵਾਰ ਤੇ ਕਰੀਬੀ ਰਿਸ਼ਤੇਦਾਰਾਂ ਨੇ ਅਦਾਕਾਰ ਦਾ ਅੰਤਮ ਸਸਕਾਰ ਕਰ ਦਿਤਾ। ਫ਼ਿਲਮ 'ਡੀ ਡੇ' ਦੇ ਉਨ੍ਹਾਂ ਦੇ ਸਹਿ ਕਲਾਕਾਰ ਇਰਫ਼ਾਨ ਖ਼ਾਨ ਦੇ ਦਿਹਾਂਤ ਦੇ ਇਕ ਦਿਨ ਬਾਅਦ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਆਈ। ਖ਼ਾਨ ਦਾ ਵੀ ਕਲ ਮੁੰਬਈ ਦੇ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਵੀ ਕੈਂਸਰ ਸੀ।
ਲਗਭਗ ਤਿੰਨ ਮਹੀਨੇ ਪਹਿਲਾਂ ਰਿਸ਼ੀ ਦੀ ਭੈਣ ਰਿਤੂ ਨੰਦਾ ਦਾ ਵੀ ਕੈਂਸਰ ਕਾਰਨ ਦਿਹਾਂਤ ਹੋ ਗਿਆ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿਟਰ 'ਤੇ ਕਿਹਾ, 'ਬਹੁਪੱਖੀ, ਪਿਆਰ ਅਤੇ ਜੀਵੰਤ-ਰਿਸ਼ੀ ਕਪੂਰ ਜੀ ਸਨ।
File photo
ਉਹ ਹੁਨਰ ਦਾ ਪਾਵਰਹਾਊਸ ਸਨ। ਮੈਂ ਹਮੇਸ਼ਾ ਸੋਸ਼ਲ ਮੀਡੀਆ 'ਤੇ ਵੀ ਅਪਣੀ ਗੱਲਬਾਤ ਨੂੰ ਯਾਦ ਕਰਾਂਗਾ।' ਪਰਵਾਰ ਨੇ ਰਿਸ਼ੀ ਦੇ ਦਿਹਾਂਤ ਮਗਰੋਂ ਬਿਆਨ ਜਾਰੀ ਕਰ ਕੇ ਕਿਹਾ, 'ਦੋ ਸਾਲ ਤਕ ਗੰਭੀਰ ਬੀਮਾਰੀ ਨਾਲ ਜੰਗ ਲੜਨ ਮਗਰੋਂ ਸਾਡੇ ਪਿਆਰੇ ਰਿਸ਼ੀ ਅੱਜ ਸਵੇਰੇ ਪੌਣੇ ਨੌਂ ਵਜੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਡਾਕਟਰਾਂ ਅਤੇ ਹਸਪਤਾਲ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਖ਼ਰੀ ਸਾਹ ਤਕ ਜੰਗ ਜਾਰੀ ਰੱਖੀ।' (ਏਜੰਸੀ)
ਅਮਰੀਕਾ ਵਿਚ ਇਕ ਸਾਲ ਤਕ ਇਲਾਜ ਚਲਿਆ
ਅਮਰੀਕਾ ਵਿਚ ਲਗਭਗ ਇਕ ਸਾਲ ਤਕ ਕੈਂਸਰ ਦਾ ਇਲਾਜ ਕਰਾਉਣ ਮਗਰੋਂ ਉਹ ਪਿਛਲੇ ਸਾਲ ਸਤੰਬਰ ਵਿਚ ਮੁੜੇ ਸਨ। ਫ਼ਰਵਰੀ ਵਿਚ ਵੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਦੋ ਵਾਰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਪਹਿਲੀ ਵਾਰ ਦਿੱਲੀ ਵਿਚ ਪਰਵਾਰਕ ਸਮਾਗਮ ਵਿਚ ਹਿੱਸਾ ਲੈਣ ਗਏ ਰਿਸ਼ੀ ਨੂੰ ਲਾਗ ਕਾਰਨ ਉਥੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਫਿਰ ਮੁੰਬਈ ਮੁੜਨ ਮਗਰੋਂ ਉਨ੍ਹਾਂ ਨੂੰ ਬੁਖ਼ਾਰ ਹੋਣ ਮਗਰੋਂ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ।
'ਸ੍ਰੀ 420' ਤੋਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ: ਰਿਸ਼ੀ ਨੇ ਅਪਣੇ ਪਿਤਾ ਰਾਜ ਕਪੂਰ ਦੀ ਫ਼ਿਲਮ 'ਸ੍ਰੀ 420' ਤੋਂ ਬਤੌਰ ਬਾਲ ਕਲਾਕਾਰ ਵੱਡੇ ਪਰਦੇ 'ਤੇ ਅਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ ਉਹ ਫ਼ਿਲਮ 'ਮੇਰਾ ਨਾਮ ਜੋਕਰ' ਵਿਚ ਵੀ ਨਜ਼ਰ ਆਏ। ਬਤੌਰ ਮੁੱਖ ਅਦਾਕਾਰ 1973 ਵਿਚ ਆਈ 'ਬੌਬੀ' ਉਨ੍ਹਾਂ ਦੀ ਪਹਿਲੀ ਫ਼ਿਲਮ ਸੀ ਜੋ ਕਾਫ਼ੀ ਚਰਚਿਤ ਹੋਈ।
ਫਿਰ ਲਗਭਗ ਤਿੰਨ ਦਹਾਕਿਆਂ ਤਕ ਉਨ੍ਹਾਂ ਕਈ ਰੋਮਾਂਟਿਕ ਫ਼ਿਲਮਾਂ ਵਿਚ ਕੰਮ ਕੀਤਾ। ਲੈਲਾ ਮਜਨੂੰ, ਰਫ਼ੂ ਚੱਕਰ, ਕਰਜ਼ਾ, ਚਾਂਦਨੀ, ਸਾਗਰ ਜਿਹੀਆਂ ਕਈ ਫ਼ਿਲਮਾਂ ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਵਡਿਆਇਆ ਗਿਆ। ਅਦਾਕਾਰ ਵਜੋਂ ਉਨ੍ਹਾਂ ਦੀ ਦੂਜੀ ਪਾਰੀ ਪ੍ਰਤੀ ਉਹ ਕਾਫ਼ੀ ਸੰਤੁਸ਼ਟ ਸਨ। ਇਸ ਦੌਰਾਨ ਉਹ ਅਪਣੀ ਪਤਨੀ 'ਦੋ ਦੂਣੀ ਚਾਰ' ਵਿਚ ਨਜ਼ਰ ਅਏ। ਉਨ੍ਹਾਂ 'ਅਗਨੀਪੱਥ, ਕਪੂਰ ਐਂਡ ਸਨਜ਼, 102 ਨੌਟ ਆਊਟ ਵਿਚ ਅਦਾਕਾਰੀ ਨਾਹਲ ਇਕ ਵਾਰ ਫਿਰ ਵਿਖਾ ਦਿਤਾ ਕਿ ਬਤੌਰ ਕਲਾਕਾਰ ਉਹ ਸਿਨੇਮਾ ਜਗਤ ਨੂੰ ਹੋਰ ਕਿੰਨਾ ਯੋਗਦਾਨ ਦੇ ਸਕਦੇ ਹਨ।