
ਸੈਨਾ ਮੁਖੀ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ਵਿਚ ਐਲਏਸੀ 'ਤੇ ਸਥਿਤੀ ਨੂੰ ਬਦਲਣ ਦੀਆਂ ਚੀਨੀ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦਿੱਤਾ ਹੈ।
ਨਵੀਂ ਦਿੱਲੀ: ਜਨਰਲ ਮਨੋਜ ਪਾਂਡੇ ਨੇ ਫ਼ੌਜ ਦੇ 29ਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਥਲ ਸੈਨਾ ਮੁਖੀ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ਵਿਚ ਐਲਏਸੀ 'ਤੇ ਸਥਿਤੀ ਨੂੰ ਬਦਲਣ ਦੀਆਂ ਚੀਨੀ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਸਪੱਸ਼ਟ ਕੀਤਾ ਕਿ ਭਾਰਤ ਕਿਸੇ ਨੂੰ ਵੀ ਆਪਣੀ ਜ਼ਮੀਨ 'ਤੇ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਦੇਵੇਗਾ। ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੰਦੇ ਹੋਏ ਜਨਰਲ ਮਨੋਜ ਪਾਂਡੇ ਨੇ ਕਿਹਾ ਹੈ ਕਿ ਐਲਏਸੀ 'ਤੇ ਸਥਿਤੀ ਹੁਣ ਆਮ ਵਾਂਗ ਹੈ।
Lt Gen Manoj Pande is new army chief
ਉਹਨਾਂ ਕਿਹਾ, "ਸਾਡੇ ਵਿਰੋਧੀ ਦੁਆਰਾ ਸਥਿਤੀ ਨੂੰ ਬਦਲਣ ਲਈ ਇਕ ਇਕਪਾਸੜ ਅਤੇ ਭੜਕਾਊ ਕਾਰਵਾਈ ਕੀਤੀ ਗਈ ਸੀ, ਜਿਸ ਦਾ ਮੇਰੇ ਖਿਆਲ ਵਿਚ ਢੁਕਵਾਂ ਜਵਾਬ ਦਿੱਤਾ ਗਿਆ ਹੈ"। ਫੌਜ ਮੁਖੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਫੌਜ ਨੇ ਖਤਰੇ ਦਾ ਮੁਲਾਂਕਣ ਕੀਤਾ ਹੈ ਅਤੇ ਆਪਣੀਆਂ ਫੌਜਾਂ ਦਾ ਪੁਨਰਗਠਨ ਕੀਤਾ ਹੈ। ਉਹਨਾਂ ਕਿਹਾ, “ਜਿਥੋਂ ਤੱਕ ਐਲਏਸੀ ਦੀ ਸਥਿਤੀ ਦਾ ਸਬੰਧ ਹੈ, ਸਾਡੇ ਸੈਨਿਕ ਇਹ ਯਕੀਨੀ ਬਣਾਉਣ ਲਈ ਮਜ਼ਬੂਤੀ ਨਾਲ ਮੌਜੂਦ ਹਨ ਕਿ ਸਥਿਤੀ ਵਿਚ ਕੋਈ ਤਬਦੀਲੀ ਨਾ ਆਵੇ”।
Lt Gen Manoj Pande is new army chief
ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਮੌਜੂਦਾ, ਸਮਕਾਲੀ ਅਤੇ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉੱਚ ਪੱਧਰੀ ਸੰਚਾਲਨ ਤਿਆਰੀਆਂ ਨੂੰ ਯਕੀਨੀ ਬਣਾਉਣਾ ਉਹਨਾਂ ਦੀ "ਸਿਖਰ ਅਤੇ ਪ੍ਰਮੁੱਖ" ਤਰਜੀਹ ਹੋਵੇਗੀ। ਜਨਰਲ ਪਾਂਡੇ ਨੇ ਇਹ ਵੀ ਕਿਹਾ ਕਿ ਉਹ ਫੌਜ ਦੇ ਸੰਚਾਲਨ ਅਤੇ ਕਾਰਜਾਤਮਕ ਕੁਸ਼ਲਤਾ ਨੂੰ ਵਧਾਉਣ ਲਈ ਚੱਲ ਰਹੇ ਸੁਧਾਰਾਂ, ਪੁਨਰਗਠਨ ਅਤੇ ਤਬਦੀਲੀ ਦੀਆਂ ਕੋਸ਼ਿਸ਼ਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ। ਜਨਰਲ ਪਾਂਡੇ ਨੇ ਕਿਹਾ ਕਿ ਗਲੋਬਲ ਭੂ-ਰਾਜਨੀਤਿਕ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ, ਜਿਸ ਦੇ ਨਤੀਜੇ ਵਜੋਂ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ। ਉਹਨਾਂ ਨੇ ਫੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਉਹਨਾਂ ਦੀ ਤਰਜੀਹ ਹੋਵੇਗੀ।