
ਪਟੀਸ਼ਨ 'ਚ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ
Covishield News: ਕੋਵੀਸ਼ੀਲਡ ਵੈਕਸੀਨ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਵਿਸ਼ਾਲ ਤਿਵਾੜੀ ਨਾਂ ਦੇ ਇਕ ਵਿਅਕਤੀ ਨੇ ਕੋਵੀਸ਼ੀਲਡ ਵੈਕਸੀਨ ਨੂੰ ਲੈ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਵਿਸ਼ਾਲ ਤਿਵਾੜੀ ਪੇਸ਼ੇ ਤੋਂ ਵਕੀਲ ਹਨ। ਉਨ੍ਹਾਂ ਨੇ ਕੋਵੀਸ਼ੀਲਡ ਦੇ ਮਾੜੇ ਪ੍ਰਭਾਵਾਂ ਅਤੇ ਜੋਖਮਾਂ ਦੀ ਜਾਂਚ ਲਈ ਸਾਬਕਾ ਡਾਇਰੈਕਟਰ ਦੀ ਅਗਵਾਈ ਵਿਚ ਇਕ ਮੈਡੀਕਲ ਮਾਹਰ ਪੈਨਲ ਸਥਾਪਤ ਕਰਨ ਦੀ ਮੰਗ ਕੀਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਇਹ ਸੱਭ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕੀਤਾ ਜਾਣਾ ਚਾਹੀਦਾ ਹੈ।
ਪਟੀਸ਼ਨ 'ਚ ਕੇਂਦਰ ਨੂੰ ਕੋਵੀਸ਼ੀਲਡ ਟੀਕੇ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਜੋਖਮ ਕਾਰਕਾਂ ਦੀ ਜਾਂਚ ਕਰਨ ਅਤੇ ਟੀਕੇ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਲਗਾਉਣ ਲਈ ਨਿਰਦੇਸ਼ ਜਾਰੀ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ, ਇਸ ਪਟੀਸ਼ਨ 'ਚ ਇਹ ਵੀ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੋ ਲੋਕ ਇਸ ਟੀਕੇ ਦੇ ਲਗਾਉਣ ਕਾਰਨ ਅਪਾਹਜ ਹੋ ਗਏ ਹਨ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿਤੇ ਜਾਣ।
ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਕੋਵਿਡ-19 ਵੈਕਸੀਨ 'ਕੋਵੀਸ਼ੀਲਡ' ਬਣਾਉਣ ਵਾਲੀ ਕੰਪਨੀ ਐਸਟ੍ਰਾਜ਼ੇਨੇਕਾ ਨੇ ਮੰਨਿਆ ਸੀ ਕਿ ਜਿਨ੍ਹਾਂ ਲੋਕਾਂ ਨੇ ਕੋਰੋਨਾ ਦੌਰਾਨ ਕੋਵੀਸ਼ੀਲਡ ਵੈਕਸੀਨ ਲਈ ਹੈ, ਉਨ੍ਹਾਂ ਉਤੇ ਦੁਰਲੱਭ ਮਾੜੇ ਪ੍ਰਭਾਵ ਹੋ ਸਕਦੇ ਹਨ। ਦਿ ਟੈਲੀਗ੍ਰਾਫ (ਯੂਕੇ) ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਫਾਰਮਾ ਕੰਪਨੀ ਐਸਟ੍ਰਾਜ਼ੇਨੇਕਾ ਨੇ ਮੰਨਿਆ ਸੀ ਕਿ ਉਸ ਦੀ ਕੋਵਿਡ ਵੈਕਸੀਨ ਦੇ ਦੁਰਲੱਭ ਮਾੜੇ ਪ੍ਰਭਾਵ ਹੋ ਸਕਦੇ ਹਨ। ਵੈਕਸੀਨ ਨਿਰਮਾਤਾ ਨੇ ਅਦਾਲਤ ਦੇ ਦਸਤਾਵੇਜ਼ਾਂ ਵਿਚ ਕਿਹਾ ਸੀ ਕਿ ਕੋਵੀਸ਼ੀਲਡ, ਦੁਰਲੱਭ ਮਾਮਲਿਆਂ ਵਿਚ, ਅਜਿਹੀ ਸਥਿਤੀ ਦਾ ਕਾਰਨ ਬਣ ਸਕਦੀ ਹੈ ਜਿਸ ਨਾਲ ਖੂਨ ਦੇ ਥੱਕੇ ਬਣ ਸਕਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਹੋ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਦੱਸ ਦੇਈਏ ਕਿ ਭਾਰਤ 'ਚ ਸੀਰਮ ਇੰਸਟੀਚਿਊਟ ਵਲੋਂ ਬਣਾਈ ਗਈ ਕੋਵੀਸ਼ੀਲਡ ਨਾਂ ਦੀ ਵੈਕਸੀਨ ਐਸਟ੍ਰਾਜ਼ੇਨੇਕਾ ਦਾ ਫਾਰਮੂਲਾ ਹੈ। ਐਸਟ੍ਰਾਜ਼ੇਨੇਕਾ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਡੀ ਹਮਦਰਦੀ ਉਨ੍ਹਾਂ ਲੋਕਾਂ ਨਾਲ ਹੈ ਜਿਨ੍ਹਾਂ ਨੇ ਅਪਣੇ ਪਿਆਰਿਆਂ ਨੂੰ ਗੁਆ ਦਿਤਾ ਹੈ ਜਾਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ। ਮਰੀਜ਼ਾਂ ਦੀ ਸੁਰੱਖਿਆ ਸਾਡੀ ਸੱਭ ਤੋਂ ਵੱਡੀ ਤਰਜੀਹ ਹੈ। ਰੈਗੂਲੇਟਰੀ ਅਥਾਰਟੀਆਂ ਕੋਲ ਟੀਕਿਆਂ ਸਮੇਤ ਸਾਰੀਆਂ ਦਵਾਈਆਂ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਅਤੇ ਸਖਤ ਮਾਪਦੰਡ ਹਨ।
(For more Punjabi news apart from Plea in Supreme Court to set up medical panel to investigate Covishield ‘risk factors’, stay tuned to Rozana Spokesman)