
ਐਨ.ਡੀ.ਏ. ਨੂੰ 350 ਤੋਂ ਵੱਧ ਸੀਟਾਂ ਮਿਲ ਸਕਦੀਆਂ ਹਨ, 125-150 ਸੀਟਾਂ ’ਤੇ ਰਹੇਗਾ ‘ਇੰਡੀਆ’ ਗਠਜੋੜ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਸਮਾਪਤੀ ਤੋਂ ਬਾਅਦ ਕਈ ਐਗਜ਼ਿਟ ਪੋਲ ’ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਲੋਕਤੰਤਰੀ ਗਠਜੋੜ (ਐੱਨ.ਡੀ.ਏ.) ਨੂੰ ਭਾਰੀ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਨ੍ਹਾਂ ਸਰਵੇਖਣਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਕੇਂਦਰ ਦੀ ਸੱਤਾ ਸੰਭਾਲਣ ਜਾ ਰਹੇ ਹਨ। ਇਸ ਦੇ ਨਾਲ ਹੀ ਸਰਵੇਖਣਾਂ ’ਚ ਸੱਤਾਧਾਰੀ ਗੱਠਜੋੜ ਐਨ.ਡੀ.ਏ. ਨੂੰ ਤਾਮਿਲਨਾਡੂ ਅਤੇ ਕੇਰਲ ’ਚ ਅਪਣਾ ਖਾਤਾ ਖੋਲ੍ਹਣ ਅਤੇ ਕਰਨਾਟਕ ’ਚ ਦੁਬਾਰਾ ਜਿੱਤਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਹਾਲਾਂਕਿ ਬਿਹਾਰ, ਰਾਜਸਥਾਨ ਅਤੇ ਹਰਿਆਣਾ ਵਰਗੇ ਕੁੱਝ ਸੂਬਿਆਂ ’ਚ ਭਾਜਪਾ ਅਤੇ ਐਨ.ਡੀ.ਏ. ਦੀਆਂ ਸੀਟਾਂ ਦੀ ਗਿਣਤੀ ਘਟਣ ਦਾ ਅਨੁਮਾਨ ਲਗਾਇਆ ਗਿਆ ਹੈ। ‘ਰਿਪਬਲਿਕ ਟੀ.ਵੀ.-ਪੀ ਮਾਰਕ’ ਦੇ ਸਰਵੇਖਣ ਮੁਤਾਬਕ ਸੱਤਾਧਾਰੀ ਗੱਠਜੋੜ ਨੂੰ 543 ਮੈਂਬਰੀ ਲੋਕ ਸਭਾ ’ਚ 359 ਸੀਟਾਂ ਅਤੇ ਵਿਰੋਧੀ ‘ਇੰਡੀਆ’ ਗੱਠਜੋੜ ਨੂੰ 154 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ।
‘ਰਿਪਬਲਿਕ ਟੀ.ਵੀ.-ਮੈਟ੍ਰਿਸ’ ਦੇ ਐਗਜ਼ਿਟ ਪੋਲ ’ਚ ਐਨ.ਡੀ.ਏ. ਨੂੰ 353-368 ਸੀਟਾਂ ਅਤੇ ਵਿਰੋਧੀ ਧਿਰ ਨੂੰ 118-133 ਸੀਟਾਂ ਮਿਲਣ ਦਾ ਅਨੁਮਾਨ ਹੈ।
‘ਜਨ ਕੀ ਬਾਤ’ ਸਰਵੇਖਣ ’ਚ ਸੱਤਾਧਾਰੀ ਐਨ.ਡੀ.ਏ. ਨੂੰ 362-392 ਸੀਟਾਂ ਅਤੇ ਵਿਰੋਧੀ ਗੱਠਜੋੜ ਨੂੰ 141-161 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।
‘ਇੰਡੀਆ ਟੀ.ਵੀ.-ਸੀ.ਐਨ.ਐਕਸ.’ ਨੇ ਅਪਣੇ ਅਨੁਮਾਨ ’ਚ ਐਨ.ਡੀ.ਏ. ਨੂੰ 371-401 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 109-139 ਸੀਟਾਂ ਦਿਤੀਆਂ ਹਨ, ਜਦਕਿ ਨਿਊਜ਼ ਨੇਸ਼ਨ ਨੇ ਐਨ.ਡੀ.ਏ. ਨੂੰ 342-378 ਸੀਟਾਂ ਅਤੇ ‘ਇੰਡੀਆ’ ਗੱਠਜੋੜ ਨੂੰ 153-169 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਹੈ।
‘ਐਕਸਿਸ ਮਾਈ ਇੰਡੀਆ’ ਅਤੇ ‘ਟੂਡੇਜ਼ ਚਾਣਕਯ’ ਸਮੇਤ ਕਈ ਹੋਰ ਐਗਜ਼ਿਟ ਪੋਲ ਨੇ ਰਾਤ 8:30 ਵਜੇ ਤਕ ਪੂਰੇ ਅਨੁਮਾਨਿਤ ਨਤੀਜਿਆਂ ਦੀ ਭਵਿੱਖਬਾਣੀ ਨਹੀਂ ਕੀਤੀ ਸੀ।
2019 ਦੀਆਂ ਚੋਣਾਂ ’ਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ ਜਦਕਿ ਐਨ.ਡੀ.ਏ. ਨੂੰ 353 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ 53 ਅਤੇ ਉਸ ਦੇ ਸਹਿਯੋਗੀਆਂ ਨੂੰ 38 ਸੀਟਾਂ ਮਿਲੀਆਂ। ਇਸ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਨੇ ‘ਇੰਡੀਆ’ ਗੱਠਜੋੜ ਬਣਾਇਆ ਸੀ।
ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਮੋਦੀ ਨੇ ਭਰੋਸਾ ਜਤਾਇਆ ਕਿ ਲੋਕਾਂ ਨੇ ਐਨ.ਡੀ.ਏ. ਸਰਕਾਰ ਨੂੰ ਦੁਬਾਰਾ ਚੁਣਨ ਲਈ ਰੀਕਾਰਡ ਗਿਣਤੀ ’ਚ ਵੋਟ ਪਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੌਕਾਪ੍ਰਸਤ ਇੰਡੀ ਗੱਠਜੋੜ ਵੋਟਰਾਂ ਨਾਲ ਤਾਲਮੇਲ ਕਾਇਮ ਰੱਖਣ ’ਚ ਅਸਫਲ ਰਿਹਾ, ਜਿਨ੍ਹਾਂ ਨੇ ਉਨ੍ਹਾਂ ਦੀ ‘ਪਿਛਾਂਹਖਿੱਚੂ ਸਿਆਸਤ’ ਨੂੰ ਰੱਦ ਕਰ ਦਿਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ‘ਭਾਰਤ‘ ਗੱਠਜੋੜ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਗੱਠਜੋੜ 295 ਤੋਂ ਵੱਧ ਸੀਟਾਂ ਜਿੱਤੇਗਾ।
ਆਖਰੀ ਪੜਾਅ ਲਈ ਪ੍ਰਚਾਰ ਵੀਰਵਾਰ ਸ਼ਾਮ ਨੂੰ ਖਤਮ ਹੋ ਗਿਆ। ਚੋਣ ਪ੍ਰਚਾਰ ਦੌਰਾਨ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਕਾਂਗਰਸ ਅਤੇ ‘ਇੰਡੀਆ‘ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ) ਦੇ ਵਿਰੋਧੀ ਗੱਠਜੋੜ ’ਤੇ ਭ੍ਰਿਸ਼ਟ, ਹਿੰਦੂ ਵਿਰੋਧੀ, ਤੁਸ਼ਟੀਕਰਨ ਅਤੇ ਵੰਸ਼ਵਾਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਸੀ। ਵਿਰੋਧੀ ਪਾਰਟੀਆਂ ਦਾਅਵਾ ਕਰ ਰਹੀਆਂ ਸਨ ਕਿ ਭਾਜਪਾ ਕਿਸਾਨ ਵਿਰੋਧੀ, ਨੌਜੁਆਨ ਵਿਰੋਧੀ ਹੈ ਅਤੇ ਜੇਕਰ ਉਹ ਚੋਣਾਂ ਜਿੱਤਦੀ ਹੈ ਤਾਂ ਸੰਵਿਧਾਨ ਨੂੰ ਬਦਲ ਦੇਵੇਗੀ ਅਤੇ ਇਸ ਨੂੰ ਰੱਦ ਕਰ ਦੇਵੇਗੀ।
ਪੰਜਾਬ ਲਈ ਐਗਜ਼ਿਟ ਪੋਲ ਦੇ ਨਤੀਜਿਆਂ ’ਚ ਵੱਡਾ ਫ਼ਰਕ
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਤਿੰਨ ਐਗਜ਼ਿਟ ਪੋਲ ’ਚ ਵੱਖੋ-ਵੱਖ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਰਿਪਬਲਿਕ ਭਾਰਤ-ਮੈਟਰਿਜ਼ ਨੇ ਸੂਬੇ ’ਚ ਭਾਜਪਾ ਨੂੰ 2 ਸੀਟਾਂ, ‘ਆਪ’ ਨੂੰ 3-6 ਸੀਟਾਂ, ਕਾਂਰਗਸ ਨੂੰ 3 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ 1 ਅਤੇ ਹੋਰਾਂ ਲਈ 1 ਸੀਟਾਂ ਦਿਤੀਆਂ ਹਨ। ਦੂਜੇ ਪਾਸੇ ਨਿਊਜ਼-24 (ਟੂ-ਡੇ ਚਾਣਕਿਆ ਐਗਜ਼ਿਟ ਪੋਲ) ਨੇ ‘ਆਪ’ ਨੂੰ 1-2, ਕਾਂਗਰਸ ਨੂੰ 3-4, ਭਾਜਪਾ ਨੂੰ 3-4, ਅਕਾਲੀ ਦਲ ਨੂੰ 1-2 ਅਤੇ ਹੋਰਾਂ ਨੂੰ 1 ਸੀਟ ਦਿਤੀ ਹੈ। ਤੀਜੇ ਪਾਸੇ ਇੰਡੀਆ ਟੂਡੇ ਐਕਸਿਸ ਮਾਈ ਇੰਡੀਆ ਵਲੋਂ ਲਾਏ ਅਨੁਮਾਨ ਅਨੁਸਾਰ ‘ਆਪ’ ਨੂੰ 2, ਕਾਂਗਰਸ ਨੂੰ 7-9, ਭਾਜਪਾ ਨੂੰ 2-4, ਅਕਾਲੀ ਦਲ ਨੂੰ 2-3 ਅਤੇ ਹੋਰਾਂ ਨੂੰ ਕੋਈ ਸੀਟ ਨਹੀਂ ਦਿਤੀ ਗਈ ਹੈ।