
ਅਦਾਲਤ ਨੇ ਕਿਹਾ-ਹਿੰਦੂ ਔਰਤ ਲਈ ਵਿਆਹ ਦਾ ਮਤਲਬ ਰੀਤੀ-ਰਿਵਾਜਾਂ ਨੂੰ ਮੰਨਣਾ, ਪਤੀ ਨੇ ਦਿਤੀ ਸੀ ਤਲਾਕ ਦੀ ਅਰਜ਼ੀ
ਗੁਹਾਟੀ, 30 ਜੂਨ : ਗੁਹਾਟੀ ਹਾਈ ਕੋਰਟ ਨੇ ਔਰਤ ਦੁਆਰਾ 'ਸੰਧੂਰ' ਲਾਉਣ ਅਤੇ 'ਚੂੜੀਆਂ' ਪਾਉਣ ਤੋਂ ਇਨਕਾਰ ਕਰਨ 'ਤੇ ਉਸ ਦੇ ਪਤੀ ਨੂੰ ਤਲਾਕ ਲੈਣ ਦੀ ਆਗਿਆ ਦੇ ਦਿਤੀ। ਅਦਾਲਤ ਨੇ ਇਸ ਆਧਾਰ 'ਤੇ ਤਲਾਕ ਦੀ ਮਨਜ਼ੂਰੀ ਦਿਤੀ ਕਿ ਹਿੰਦੂ ਔਰਤ ਦੁਆਰਾ ਇਨ੍ਹਾਂ ਰੀਤੀ-ਰਿਵਾਜਾਂ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਮਤਲਬ ਹੈ ਕਿ ਉਹ ਵਿਆਹ ਪ੍ਰਵਾਨ ਕਰਨ ਤੋਂ ਇਨਕਾਰ ਕਰ ਰਹੀ ਹੈ।
ਪਤੀ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਮੁੱਖ ਜੱਜ ਅਜੇ ਲਾਂਬਾ ਅਤੇ ਜੱਜ ਸੌਮਿਤਰ ਸੈਕੀਆ ਦੇ ਬੈਂਚ ਨੇ ਪਰਵਾਰਕ ਅਦਾਲਤ ਦੇ ਉਸ ਹੁਕਮ ਨੂੰ ਰੱਦ ਕਰ ਦਿਤਾ ਜਿਸ ਨੇ ਇਸ ਆਧਾਰ 'ਤੇ ਤਲਾਕ ਦੀ ਪ੍ਰਵਾਨਗੀ ਨਹੀਂ ਦਿਤੀ ਸੀ ਕਿ ਪਤਨੀ ਨੇ ਉਸ ਨਾਲ ਬੇਰਹਿਮੀ ਭਰਿਆ ਵਿਹਾਰ ਨਹੀਂ ਕੀਤਾ। ਪਤੀ ਨੇ ਪਰਵਾਰਕ ਅਦਾਲਤ ਦੇ ਫ਼ੈਸਲੇ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ। ਹਾਈ ਕੋਰਟ ਨੇ 19 ਜੂਨ ਨੂੰ ਅਪਣੇ ਫ਼ੈਸਲੇ ਵਿਚ ਕਿਹਾ, 'ਚੂੜੀ ਪਾਉਣ ਅਤੇ ਸੰਧੂਰ ਲਾਉਣ ਤੋਂ ਇਨਕਾਰ ਕਰਨਾ ਔਰਤ ਨੂੰ ਕੁਆਰੀ ਵਿਖਾਏਗਾ ਜਾਂ ਇਹ ਦਰਸਾਏਗਾ ਕਿ ਉਹ ਪਤੀ ਨਾਲ ਇਸ ਵਿਆਹ ਨੂੰ ਪ੍ਰਵਾਨ ਨਹੀਂ ਕਰਦੀ। ਉਸ ਦਾ ਇਹ ਰਵਈਆ ਇਸ ਗੱਲ ਵਲ ਇਸ਼ਾਰਾ ਕਰਦਾ ਹੈ ਕਿ ਉਹ ਪਤੀ ਨਾਲ ਵਿਆਹੁਤਾ ਜੀਵਨ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੀ।'
Photo
ਇਸ ਜੋੜੇ ਦਾ ਵਿਆਹ 17 ਫ਼ਰਵਰੀ 2012 ਨੂੰ ਹੋਇਆ ਸੀ ਪਰ ਛੇਤੀ ਹੀ ਦੋਹਾਂ ਦੇ ਝਗੜੇ ਸ਼ੁਰੂ ਹੋ ਗਏ ਕਿਉਂਕਿ ਔਰਤ ਅਪਣੇ ਪਤੀ ਦੇ ਪਰਵਾਰ ਦੇ ਜੀਆਂ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਨਤੀਜਨ ਦੋਵੇਂ 30 ਜੂਨ 2013 ਤੋਂ ਵੱਖ ਰਹਿ ਰਹੇ ਸਨ। ਬੈਂਚ ਨੇ ਕਿਹਾ ਕਿ ਔਰਤ ਨੇ ਅਪਣੇ ਪਤੀ ਅਤੇ ਉਸ ਦੇ ਪਰਵਾਰ 'ਤੇ ਕੁੱਟਮਾਰ ਦੇ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਾਈ ਸੀ ਪਰ ਇਹ ਦੋਸ਼ ਗ਼ਲਤ ਸਾਬਤ ਹੋਏ। ਜੱਜਾਂ ਨੇ ਕਿਹਾ ਕਿ ਪਰਵਾਰਕ ਅਦਾਲਤ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਕਿ ਔਰਤ ਨੇ ਅਪਣੇ ਪਤੀ ਨੂੰ ਉਸ ਦੀ ਬੁੱਢੀ ਮਾਂ ਪ੍ਰਤੀ ਫ਼ਰਜ਼ ਪੂਰੇ ਕਰਨ ਤੋਂ ਰੋਕਿਆ ਅਤੇ ਇੰਜ ਉਸ ਨੇ ਪਤੀ ਨਾਲ ਬੇਰਹਿਮੀ ਭਰਿਆ ਵਿਹਾਰ ਕੀਤਾ। (ਏਜੰਸੀ)