
ਹਾਲ ਹੀ ਵਿਚ ਬਣੇ ਦਿੱਲੀ-ਮੇਰਠ ਐਕਸਪ੍ਰੈੱਸਵੇ, ਜਿਸ ਨੂੰ ਐਨ.ਐਚ.-24 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਤੇ ਬਣੇ ਸਾਈਕਲ ਟਰੈਕ 'ਚ ਕਰੀਬ 100 ਮੀਟਰ ਲੰਮੀ............
ਨਵੀਂ ਦਿੱਲੀ: ਹਾਲ ਹੀ ਵਿਚ ਬਣੇ ਦਿੱਲੀ-ਮੇਰਠ ਐਕਸਪ੍ਰੈੱਸਵੇ, ਜਿਸ ਨੂੰ ਐਨ.ਐਚ.-24 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਤੇ ਬਣੇ ਸਾਈਕਲ ਟਰੈਕ 'ਚ ਕਰੀਬ 100 ਮੀਟਰ ਲੰਮੀ ਦਰਾਰ ਆ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਦਰਾਰ ਸੋਮਵਾਰ ਨੂੰ ਆਈ ਹੈ, ਜਿਸ ਤੋਂ ਬਾਅਦ ਜੇ.ਸੀ.ਬੀ. ਮਸ਼ੀਨ ਬੁਲਾ ਕੇ ਟਰੈਕ ਨੂੰ ਤੋੜ ਕੇ ਮੁੜ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ-ਮੇਰਠ ਐਕਸਪ੍ਰੈੱਸਵੇ ਦੇ ਪਹਿਲੇ ਹਿੱਸੇ ਦਾ ਉਦਘਾਟਨ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਮਹੀਨੇ ਪਹਿਲਾਂ 27 ਮਈ ਨੂੰ ਕੀਤਾ ਸੀ।
ਯੂ.ਪੀ. ਗੇਟ ਤੋਂ ਲੈ ਕੇ ਨਿਜ਼ਾਮੁਦੀਨ ਤਕ ਬਣੇ ਕਰੀਬ 8.5 ਕਿ.ਮੀ ਦੇ ਪਹਿਲੇ ਹਿੱਸੇ ਨੂੰ ਬਣਾਉਣ ਵਿਚ ਕਰੀਬ 841 ਕਰੋੜ ਰੁਪਏ ਦੀ ਲਾਗਤ ਆਈ। ਇਹ ਦਰਾਰ ਯੂ.ਪੀ. ਗੇਟ ਦੇ ਕੋਲ ਉਸੇ ਸਾਈਕਲ ਟਰੈਕ ਉਤੇ ਆਈ ਹੈ ਜਿੱਥੋਂ ਇਹ ਸ਼ੁਰੂ ਹੁੰਦਾ ਹੈ। ਹੁਣ ਸਵਾਲ ਇਹ ਉਠ ਰਿਹਾ ਹੈ ਕਿ ਬਣਨ ਤੋਂ 2 ਮਹੀਨੇ ਵਿਚ ਅਜਿਹਾ ਕੀ ਹੋਇਆ ਜੋ ਸਾਈਕਲ ਟਰੈਕ ਵਿਚ ਦਰਾਰ ਆ ਗਈ ਜਦਕਿ ਇਸ ਉਤੇ ਨਾ ਤਾਂ ਭਾਰੀ ਗੱਡੀਆਂ ਲੰਘੀਆਂ ਹਨ, ਨਾ ਹੀ ਕਾਰਾਂ ਅਤੇ ਦੁਪਹੀਆ ਗੱਡੀਆ। ਤਾਂ ਫਿਰ ਇਸ ਸੀਮੇਂਟ ਕੰਕਰੀਟ ਦੇ ਬਣੇ ਹਿੱਸੇ ਵਿਚ ਦਰਾਰ ਆਉਣ ਦਾ ਕਾਰਨ ਕੀ ਹੈ?
ਹਾਲ ਹੀ ਵਿਚ ਪਏ ਮੀਂਹ ਕਰ ਕੇ ਇਸ ਐਕਸਪ੍ਰੈੱਸਵੇ ਉਤੇ ਬਹੁਤ ਪਾਣੀ ਭਰਨ ਦੀ ਖ਼ਬਰ ਆਈ ਪਰ ਪਾਣੀ ਭਰਨ ਨਾਲ ਸਾਈਕਲ ਟਰੈਕ ਵਿਚ ਦਰਾਰ ਆ ਜਾਣਾ ਫਿਰ ਵੀ ਸਮਝ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਉਦਘਾਟਨ ਦੇ 20 ਦਿਨ ਦੇ ਅੰਦਰ ਹੀ ਚੋਰ ਕਰੀਬ ਢਾਈ ਕਰੋੜ ਦੇ ਮਾਲ ਉਤੇ ਹੱਥ ਸਾਫ਼ ਕਰ ਗਏ ਸਨ। ਸੋਲਰ ਪੈਨਲ, ਫੁਹਾਰਾ ਅਤੇ ਸਜਾਵਟ ਦਾ ਸਮਾਨ ਚੋਰੀ ਹੋ ਗਿਆ ਸੀ।
ਬਾਗਪਤ ਤੋਂ ਡਾਸਨਾ ਵਿਚਕਾਰ ਕਰੀਬ 50 ਕਿਲੋਮੀਟਰ ਵਿਚ ਇਸ ਤਰ੍ਹਾਂ 250 ਸੋਲਰ ਪੈਨਲ ਲਗਾਏ ਗਏ ਸਨ, ਜਿਨ੍ਹਾਂ ਵਿਚ ਅੱਧੇ ਤੋਂ ਜ਼ਿਆਦਾ ਸੋਲਰ ਪੈਨਲ ਜਾਂ ਬੈਟਰੀ ਚੋਰੀ ਹੋ ਚੁੱਕੇ ਸਨ। ਇਕ ਸੋਲਰ ਪੈਨਲ ਦੀ ਕੀਮਤ ਡੇਢ ਲੱਖ ਦੇ ਕਰੀਬ ਹੈ। ਇਸ ਸੋਲਰ ਪੈਨਲ ਦਾ ਕੰਮ ਊਰਜਾ ਨੂੰ ਇਸ ਬੈਟਰੀ ਵਿਚ ਜਮ੍ਹਾਂ ਕਰਨਾ ਸੀ, ਜਿਸ ਨਾਲ ਇਸ ਤਰ੍ਹਾਂ ਦੇ ਅੰਡਰ ਪਾਸ ਵਿਚ ਰੌਸ਼ਨੀ ਹੁੰਦੀ ਸੀ, ਤਾਕਿ ਅੰਡਰ ਪਾਸ 'ਚੋਂ ਲੰਘਣ ਵਾਲੇ ਰਾਹਗੀਰਾਂ ਨੂੰ ਹਨੇਰੇ ਦਾ ਸਾਹਮਣਾ ਨਾ ਕਰਨਾ ਪਏ। (ਏਜੰਸੀਆਂ)