
2014 ਤੋਂ ਲੈ ਕੇ 2018 ਤਕ ਗਈਆਂ 68 ਲੋਕਾਂ ਦੀਆਂ ਜਾਨਾਂ
ਨਵੀਂ ਦਿੱਲੀ- ਜਦੋਂ ਤੋਂ ਕੇਂਦਰੀ ਸੱਤਾ 'ਤੇ ਭਾਜਪਾ ਸਰਕਾਰ ਕਾਬਜ਼ ਹੋਈ ਹੈ ਉਦੋਂ ਤੋਂ ਦੇਸ਼ ਵਿਚ ਮਾਬ ਲਿਚਿੰਗ ਦੀਆਂ ਘਟਨਾਵਾਂ ਵਿਚ ਚੋਖਾ ਵਾਧਾ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਵਿਚ ਸ਼ਿਕਾਰ ਹੋਏ ਲੋਕਾਂ ਵਿਚੋਂ 50 ਫ਼ੀਸਦੀ ਮੁਸਲਿਮ ਸਨ। ਮੁਹੰਮਦ ਅਖ਼ਲਾਕ ਤੋਂ ਲੈ ਕੇ ਰਕਬਰ ਖ਼ਾਨ ਤਕ ਯਾਨੀ 2014 ਤੋਂ 2018 ਤਕ ਮਾਬ ਲਿਚਿੰਗ ਦੇ 134 ਮਾਮਲੇ ਦੇਸ਼ ਵਿਚ ਸਾਹਮਣੇ ਆ ਚੁੱਕੇ ਹਨ ਅਤੇ ਇਨ੍ਹਾਂ ਮਾਮਲਿਆਂ ਵਿਚ 68 ਲੋਕਾਂ ਦੀਆਂ ਜਾਨਾਂ ਗਈਆਂ।
ਇਨ੍ਹਾਂ ਵਿਚ ਦਲਿਤਾਂ ਦੇ ਨਾਲ ਹੋਏ ਅਤਿਆਚਾਰ ਵੀ ਸ਼ਾਮਲ ਹਨ ਪਰ ਜੇਕਰ ਸਿਰਫ਼ ਗਊ ਰੱਖਿਆ ਦੇ ਨਾਂਅ 'ਤੇ ਹੋਈ ਗੁੰਡਾਗਰਦੀ ਦੀ ਗੱਲ ਕਰੀਏ ਤਾਂ ਸਰਕਾਰੀ ਅੰਕੜਿਆਂ ਮੁਤਾਬਕ ਸਾਲ 2014 ਵਿਚ ਅਜਿਹੇ 3 ਮਾਮਲੇ ਆਏ ਅਤੇ ਉਨ੍ਹਾਂ ਵਿਚ 11 ਲੋਕ ਜ਼ਖ਼ਮੀ ਹੋ ਗਏ ਜਦਕਿ 2015 ਵਿਚ ਵਧ ਕੇ ਇਹ ਅੰਕੜਾ 12 ਹੋ ਗਿਆ। ਇਨ੍ਹਾਂ 12 ਮਾਮਲਿਆਂ ਵਿਚ 10 ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਕਰ ਦਿੱਤਾ ਗਿਆ ਜਦਕਿ 48 ਲੋਕ ਜ਼ਖ਼ਮੀ ਹੋਏ। 2016 ਵਿਚ ਗਊ ਰੱਖਿਆ ਦੇ ਨਾਂਅ 'ਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਦੁੱਗਣੀਆਂ ਹੋ ਗਈਆਂ।
24 ਅਜਿਹੇ ਮਾਮਲਿਆਂ ਵਿਚ 8 ਲੋਕਾਂ ਨੂੰ ਅਪਣੀ ਜਾਨ ਗਵਾਉਣੀ ਪਈ ਜਦਕਿ 58 ਲੋਕਾਂ ਨੂੰ ਕੁੱਟ-ਕੁੱਟ ਕੇ ਅਧਮਰਿਆ ਕਰ ਦਿੱਤਾ ਗਿਆ। 2017 ਵਿਚ ਤਾਂ ਗਊ ਰੱਖਿਆ ਦੇ ਨਾਂਅ 'ਤੇ ਗੁੰਡਾਗਰਦੀ ਕਰਨ ਵਾਲੇ ਜਿਵੇਂ ਬੇਕਾਬੂ ਹੀ ਹੋ ਗਏ। 37 ਅਜਿਹੇ ਮਾਮਲੇ ਸਾਹਮਣੇ ਆਏ। ਜਿਨ੍ਹਾਂ ਵਿਚ 11 ਲੋਕਾਂ ਦੀ ਮੌਤ ਹੋਈ ਜਦਕਿ 152 ਲੋਕ ਜ਼ਖ਼ਮੀ ਹੋਏ। ਸਾਲ 2018 ਵਿਚ ਹੁਣ ਤਕ ਅਜਿਹੇ 9 ਮਾਮਲੇ ਸਾਹਮਣੇ ਆ ਚੁੱਕੇ ਹਨ।
ਜਿਨ੍ਹਾਂ ਵਿਚ 5 ਲੋਕ ਮਾਰੇ ਗਏ ਅਤੇ 16 ਜ਼ਖ਼ਮੀ ਹੋਏ। ਕੁੱਲ ਮਿਲਾ ਕੇ ਗਊ ਰੱਖਿਆ ਦੇ ਨਾਂਅ 'ਤੇ ਹੁਣ ਤਕ ਕੁੱਲ 85 ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚ 34 ਲੋਕ ਮਰੇ ਅਤੇ 289 ਲੋਕਾਂ ਕੁੱਟ-ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਅਕਸਰ ਸਵਾਲ ਉਠਦੇ ਹਨ ਕਿ ਕੌਣ ਨੇ ਇਹ ਲੋਕ ਕਿਵੇਂ ਅਚਾਨਕ ਇੰਨੇ ਲੋਕ ਇੱਕੋ ਵਾਰ ਇਕ ਹੀ ਮਕਸਦ ਨਾਲ ਇਕੱਠੇ ਹੋ ਜਾਂਦੇ ਹਨ ਜਾਂ ਫਿਰ ਗੁੰਡਿਆਂ ਦੀ ਕੋਈ ਜਮਾਤ ਹੈ ਜੋ ਕਿਸੇ ਸਾਜਿਸ਼ ਤਹਿਤ ਲੋਕਾਂ ਨੂੰ ਸ਼ਿਕਾਰ ਬਣਾ ਰਹੀ ਹੈ।
20 ਮਈ 2015 ਸਥਾਨ ਰਾਜਸਥਾਨ ਭੀੜ ਨੇ ਮੀਟ ਸ਼ਾਪ ਚਲਾਉਣ ਵਾਲੇ 60 ਸਾਲ ਦੇ ਇਕ ਬਜ਼ੁਰਗ ਨੂੰ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। 2 ਅਗਸਤ 2015 ਸਥਾਨ ਉਤਰ ਪ੍ਰਦੇਸ਼ ਦੇ ਕੁੱਝ ਗਊ ਰੱਖਿਅਕਾਂ ਨੇ ਮੱਝਾਂ ਲਿਜਾ ਰਹੇ 3 ਲੋਕਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। 28 ਸਤੰਬਰ 2015 ਦਾਦਰੀ, ਉਤਰ ਪ੍ਰਦੇਸ਼ 52 ਸਾਲ ਦੇ ਮੁਹੰਮਦ ਅਖ਼ਲਾਕ ਨੂੰ ਬੀਫ਼ ਖਾਣ ਦੇ ਸ਼ੱਕ ਵਿਚ ਭੀੜ ਨੇ ਇੱਟਾਂ ਅਤੇ ਡੰਡਿਆਂ ਮਾਰ-ਮਾਰ ਕੇ ਬੇਰਹਿਮੀ ਨਾਲ ਜਾਨੋਂ ਮਾਰ ਦਿੱਤਾ।
14 ਅਕਤੂਬਰ 2015 ਸਥਾਨ ਹਿਮਾਚਲ ਪ੍ਰਦੇਸ਼ ਗਊ ਰੱਖਿਅਕਾਂ ਨੇ 22 ਸਾਲ ਦੇ ਨੌਜਵਾਨ ਦੀ ਗਊ ਲਿਜਾਣ ਦੇ ਸ਼ੱਕ ਵਿਚ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। 18 ਮਾਰਚ 2016 ਸਥਾਨ ਲਾਤੇਹਰ ਝਾਰਖੰਡ ਪਸ਼ੂਆਂ ਨੂੰ ਵੇਚਣ ਲਹੀ ਬਾਜ਼ਾਰ ਲਿਜਾ ਰਿਹੇ ਮਜ਼ਲੂਮ ਅੰਸਾਰੀ ਅਤੇ ਇਮਤਿਆਜ਼ ਖ਼ਾਨ ਨੂੰ ਭੀੜ ਨੇ ਦਰੱਖਤ ਨਾਲ ਲਟਕਾ ਕੇ ਮਾਰ ਦਿੱਤਾ। 5 ਅਪ੍ਰੈਲ 2017 ਸਥਾਨ ਅਲਵਰ, ਰਾਜਸਥਾਨ 200 ਲੋਕਾਂ ਦੀ ਗਊ ਰੱਖਿਅਕ ਫ਼ੌਜ ਨੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਪਹਿਲੂ ਖ਼ਾਨ ਨੂੰ ਸ਼ਰ੍ਹੇਆਮ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।
20 ਅਪ੍ਰੈਲ 2017 ਸਥਾਨ ਅਸਾਮ ਗਊ ਚੋਰੀ ਕਰਨ ਦੇ ਇਲਜ਼ਾਮ ਵਿਚ ਗਊ ਰੱਖਿਅਕਾਂ ਨੇ ਦੋ ਨੌਜਵਾਨਾਂ ਦੀ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਦੇ 10 ਦਿਨ ਮਗਰੋਂ 1 ਮਈ 2017 ਨੂੰ ਆਸਾਮ ਵਿਚ ਹੀ ਫਿਰ ਗਊ ਚੋਰੀ ਦੇ ਇਲਜ਼ਾਮ ਵਿਚ ਦੋ ਨੌਜਵਾਨਾਂ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। 12 ਤੋਂ 18 ਮਈ 2017 ਸਥਾਨ ਝਾਰਖੰਡ 4 ਵੱਖ-ਵੱਖ ਮਾਮਲਿਆਂ ਵਿਚ ਕੁੱਲ 9 ਲੋਕਾਂ ਨੂੰ ਮਾਬ ਲਿੰਚਿੰਗ ਵਿਚ ਮਾਰ ਦਿੱਤਾ ਗਿਆ।
29 ਜੂਨ 2017 ਸਥਾਨ ਝਾਰਖੰਡ ਬੀਫ਼ ਲਿਜਾਣ ਦੇ ਸ਼ੱਕ ਵਿਚ ਭੀੜ ਨੇ ਅਲੀਮੂਦੀਨ ਉਰਫ਼ ਅਸਗਰ ਅੰਸਾਰੀ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। 10 ਨਵੰਬਰ 2017 ਸਥਾਨ ਅਲਵਰ ਰਾਜਸਥਾਨ ਗਊ ਰੱਖਿਅਕਾਂ ਨੇ ਉਮਰ ਖ਼ਾਨ ਨਾਂਅ ਦੇ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। 20 ਜੁਲਾਈ 2018 ਸਥਾਨ ਅਲਵਰ ਰਾਜਸਥਾਨ ਗਊ ਤਸਕਰੀ ਦੇ ਸ਼ੱਕ ਵਿਚ ਭੀੜ ਨੇ ਰਕਬਰ ਖ਼ਾਨ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ।
ਇੱਥੇ ਮਹਿਜ਼ ਸਰਕਾਰੀ ਅੰਕੜਿਆਂ ਮੁਤਾਬਕ ਸਾਹਮਣੇ ਆਈਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਜਦਕਿ ਅਸਲ ਅੰਕੜੇ ਇਸ ਤੋਂ ਕਿਤੇ ਜ਼ਿਆਦਾ ਹਨ ਭਾਵੇਂ ਕਿ ਇਨ੍ਹਾਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਕਾਫ਼ੀ ਵਿਰੋਧ ਵੀ ਹੋਇਆ ਪਰ ਸੱਤਾਧਾਰੀ ਨੇਤਾ ਹਰ ਵਾਰ ਇਹੀ ਬਿਆਨ ਦਿੰਦੇ ਰਹੇ ਕਿ ਸਭ ਤੋਂ ਵੱਡੀ ਮਾਬ ਲਿੰਚਿੰਗ 1984 ਵੇਲੇ ਦਿੱਲੀ ਵਿਚ ਹੋਈ ਸੀ ਅਤੇ ਉਦੋਂ ਕਾਂਗਰਸ ਦੀ ਸਰਕਾਰ ਸੀ ਭਾਵ ਕਿ ਇਨ੍ਹਾਂ ਘਟਨਾਵਾਂ ਨੂੰ ਨੱਥ ਪਾਉਣ ਦੀ ਬਜਾਏ ਹੋਰ ਬੜ੍ਹਾਵਾ ਦਿੱਤਾ ਗਿਆ ਅਤੇ 84 ਨਾਲ ਜੋੜ ਕੇ ਇਨ੍ਹਾਂ ਨੂੰ ਛੋਟੀਆਂ ਘਟਨਾਵਾਂ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ।
ਦੁੱਖ ਦੀ ਗੱਲ ਇਹ ਐ ਕਿ ਇਨ੍ਹਾਂ ਘਟਨਾਵਾਂ 'ਤੇ ਹਾਲੇ ਤਕ ਵੀ ਕੋਈ ਰੋਕ ਨਹੀਂ ਲੱਗ ਸਕੀ ਅਤੇ ਇਹ ਮੰਦਭਾਗਾ ਸਿਲਸਿਲਾ ਹਾਲੇ ਵੀ ਬਾਦਸਤੂਰ ਜਾਰੀ ਹੈ ਬਲਕਿ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਮੋਦੀ ਸਰਕਾਰ ਦੇ ਦੁਬਾਰਾ ਸੱਤਾ ਵਿਚ ਆਉਣ ਤੋਂ ਬਾਅਦ ਵੀ ਅਨੇਕਾਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਇਸ ਵਾਰ ਜ਼ਿਆਦਾਤਰ ਮਾਮਲੇ ਮੁਸਲਿਮ ਲੋਕਾਂ ਕੋਲੋਂ ਜ਼ਬਰੀ ਜੈ ਸ੍ਰੀਰਾਮ ਕਹਾਏ ਜਾਣ ਦੇ ਸਾਹਮਣੇ ਆ ਰਹੇ ਹਨ।
ਕਹਿੰਦੇ ਨੇ ਕਿ ਭੀੜ ਦੀ ਕੋਈ ਸ਼ਕਲ ਨਹੀਂ ਹੁੰਦੀ ਕੋਈ ਦੀਨ ਧਰਮ ਨਹੀਂ ਹੁੰਦਾ ਅਤੇ ਇਸੇ ਗੱਲ ਦਾ ਫ਼ਾਇਦਾ ਹਮੇਸ਼ਾ ਮਾਬ ਲਿੰਚਿੰਗ ਕਰਨ ਵਾਲੀ ਭੀੜ ਉਠਾਉਂਦੀ ਹੈ ਪਰ ਸਵਾਲ ਇਹ ਹੈ ਕਿ ਇਸ ਭੀੜ ਨੂੰ ਇਕੱਠਾ ਕੌਣ ਕਰਦੈ? ਉਨ੍ਹਾਂ ਨੂੰ ਉਕਸਾਉਂਦਾ ਤੇ ਭੜਕਾਉਂਦਾ ਕੌਣ ਐ? ਜਵਾਬ ਅਸੀਂ ਸਾਰੇ ਜਾਣਦੇ ਹਾਂ ਪਰ ਫਿਰ ਵੀ ਖਾਮੋਸ਼ ਹਾਂ ਖ਼ੈਰ ਡਰ ਇਸ ਗੱਲ ਦਾ ਹੈ ਕਿ ਜੇਕਰ ਕਾਨੂੰਨ ਇਸ ਤਰ੍ਹਾਂ ਹਰ ਹੱਥ ਦਾ ਖਿਡੌਣਾ ਬਣ ਜਾਵੇਗਾ ਤਾਂ ਫਿਰ ਪੁਲਿਸ ਅਦਾਲਤ ਅਤੇ ਇਨਸਾਫ਼ ਮਹਿਜ਼ ਇਕ ਬੇਮਾਇਨੇ ਸ਼ਬਦ ਬਣ ਕੇ ਰਹਿ ਜਾਣਗੇ ਪਤਾ ਨਹੀਂ ਕਦੋਂ ਉਹ ਦਿਨ ਆਵੇਗਾ ਜਦੋਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕੋਈ ਠੋਸ ਕਦਮ ਉਠਾਏਗੀ।