
ਆਜ਼ਮ ਖ਼ਾਨ ਨੇ ਕਿਹਾ ਕਿ 1947 ਤੋਂ ਬਾਅਦ ਤੋਂ ਹੀ ਮੁਸਿਲਮਾਂ ਨੂੰ ਸਜ਼ਾ ਮਿਲ ਰਹੀ ਹੈ।
ਨਵੀਂ ਦਿੱਲੀ: ਸਮਾਜਵਾਦੀ ਪਾਰਟੀ ਦਾ ਆਗੂ ਆਜ਼ਮ ਖ਼ਾਨ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਸਿਆਸੀ ਭੂਚਾਲ ਆਉਣਾ ਤੈਅ ਹੈ। ਆਜ਼ਮ ਖ਼ਾਨ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ 1947 ਤੋਂ ਬਾਅਦ ਤੋਂ ਹੀ ਮੁਸਿਲਮਾਂ ਨੂੰ ਸਜ਼ਾ ਮਿਲ ਰਹੀ ਹੈ। ਚਾਹੇ ਕੁੱਝ ਵੀ ਹੋਵੇ ਮੁਸਲਿਮਾਂ ਨੂੰ ਹੀ ਇਸ ਦਾ ਸ਼ਿਕਾਰ ਹੋਣਾ ਪਵੇਗਾ। ਉਹਨਾਂ ਨੇ ਸਵਾਲ ਕੀਤਾ ਕਿ ਸਾਡੇ ਵੱਡੇ ਵਡੇਰੇ ਪਾਕਿਸਤਾਨ ਕਿਉਂ ਨਹੀਂ ਗਏ।
Azam Khan
ਆਜ਼ਮ ਖ਼ਾਨ ਨੇ ਮਾਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਦੁੱਖ ਜਤਾਇਆ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗਣੀ ਚਾਹੀਦੀ ਹੈ। ਦੇਸ਼ ਵਿਚ ਮੁਸਲਿਮਾਂ ਨਾਲ ਹੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਦਸ ਦਈਏ ਕਿ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਰਣ ਵਿਚ ਤਿੰਨ ਲੋਕਾਂ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਭੀੜ ਨੇ ਇਹਨਾਂ 'ਤੇ ਪਸ਼ੂਆਂ ਦਾ ਮਾਸ ਚੋਰੀ ਕਰਨ ਦੇ ਆਰੋਪ ਵਿਚ ਇੰਨਾ ਕੁੱਟਿਆ ਕਿ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ।
ਜਿਸ ਤੋਂ ਬਾਅਦ ਕਈ ਲੋਕਾਂ ਨੇ ਇਸ ਘਟਨਾ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ। ਆਜ਼ਮ ਖ਼ਾਨ ਫਿਲਹਾਲ ਜ਼ਮੀਨ ਵਿਵਾਦ ਵਿਚ ਫਸੇ ਹੋਏ ਹਨ। ਯੋਗੀ ਆਦਿਤਿਆਨਾਥ ਸਰਕਾਰ ਲਗਾਤਾਰ ਉਹਨਾਂ ਵਿਰੁਧ ਜਾਂਚ ਵਿਚ ਜੁਟੀ ਹੋਈ ਹੈ। ਉਹਨਾਂ 'ਤੇ ਕਿਸਾਨਾਂ ਦੀਆਂ ਜ਼ਮੀਨ ਨੂੰ ਕਬਜ਼ੇ ਵਿਚ ਲੈਣ ਦਾ ਆਰੋਪ ਹੈ। ਯੂਪੀ ਸਰਕਾਰ ਦੇ ਭੂ-ਮਾਫੀਆ ਵਿਰੋਧੀ ਪੋਰਟਲ 'ਤੇ ਆਜ਼ਮ ਖ਼ਾਨ ਨੂੰ ਭੂ-ਮਾਫੀਆ ਦੇ ਤੌਰ 'ਤੇ ਜਗ੍ਹਾ ਦਿੱਤੇ ਜਾਣ 'ਤੇ ਵੀ ਵਿਚਾਰ ਚਲ ਰਿਹਾ ਹੈ।
Akhilesh Yadav
ਆਜ਼ਮ ਖ਼ਾਨ ਵਿਰੁਧ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਜਿਸ ਵਿਚ ਜ਼ਬਰਦਸਤੀ ਭੂਮੀ 'ਤੇ ਕਬਜ਼ਾ, ਧਮਕਾਉਣਾ, ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਸ਼ਾਮਲ ਹਨ। ਆਜ਼ਮ ਖ਼ਾਨ ਵਿਰੁਧ ਇੰਨੇ ਮੁਕੱਦਮੇ ਦਰਜ ਹੋਣ ਤੋਂ ਬਾਅਦ ਹੁਣ ਉਹਨਾਂ ਦੀ ਗ੍ਰਿਫ਼ਤਾਰੀ ਦੀ ਗੱਲ ਵੀ ਹੋ ਰਹੀ ਹੈ। ਜਾਂਚ ਅਧਿਕਾਰੀ ਕਦੇ ਵੀ ਉਹਨਾਂ ਨੂੰ ਗ੍ਰਿਫ਼ਤਾਰ ਕਰ ਸਕਦੇ ਹਨ।
ਆਜ਼ਮ ਖ਼ਾਨ 'ਤੇ ਰਾਮਪੁਰ ਵਿਚ ਜਿਹੜੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਦਾ ਆਰੋਪ ਹੈ ਉਹਨਾਂ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ। ਇਕ ਪਾਸੇ ਜਿੱਥੇ ਆਜ਼ਮ ਖ਼ਾਨ 'ਤੇ ਜਾਂਚ ਚਲ ਰਹੀ ਹੈ ਅਤੇ ਗ੍ਰਿਫ਼ਤਾਰੀ ਦੀ ਤਲਵਾਰ ਵੀ ਲਟਕ ਰਹੀ ਹੈ, ਉੱਥੇ ਹੀ ਉਸ ਦੀ ਪਾਰਟੀ ਹੁਣ ਉਹਨਾਂ ਦੇ ਸਮਰਥਨ ਵਿਚ ਉਤਰ ਚੁੱਕੀ ਹੈ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਪਾਰਟੀ ਦੇ ਵਿਧਾਇਕਾਂ ਅਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੀ ਇਕ ਜਾਂਚ ਕਮੇਟੀ ਨਿਯੁਕਤ ਕੀਤੀ ਹੈ ਜੋ ਰਾਮਪੁਰ ਦੇ ਸੰਸਦ ਮੈਂਬਰਾਂ ਵਿਰੁਧ ਅਰੋਪਾਂ ਦੀ ਜਾਂਚ ਕਰੇਗੀ। ਇਹਨਾਂ ਆਰੋਪਾਂ ਨੂੰ ਪਾਰਟੀ ਦੇ ਮੁੱਖ ਬੁਲਾਰੇ ਨੇ ਫ਼ਰਜ਼ੀ ਮਾਮਲੇ ਦਸਿਆ ਹੈ।