
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਉਸ ਦੇ ਮੈਂਬਰ ਸਦਨ ਵਿਚ ਤਖ਼ਤੀਆਂ ਨਹੀਂ ਲੈ ਕੇ ਆਉਣਗੇ
ਨਵੀਂ ਦਿੱਲੀ: ਲੋਕ ਸਭਾ ਵਿਚ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦਾ ਮਤਾ ਪਾਸ ਹੋ ਗਿਆ ਹੈ। ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਸਹਿਮਤੀ ਬਣਨ ਤੋਂ ਬਾਅਦ ਲੋਕ ਸਭਾ ਵਿਚ ਕਾਂਗਰਸ ਦੇ ਚਾਰ ਮੈਂਬਰਾਂ ਦੀ ਮੁਅੱਤਲੀ ਵਾਪਸ ਲੈ ਲਈ ਗਈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮਣਿਕਮ ਟੈਗੋਰ, ਟੀਐਨ ਪ੍ਰਤਾਪਨ, ਜੋਤੀਮਣੀ ਅਤੇ ਰਾਮਿਆ ਹਰੀਦਾਸ ਦੀ ਮੁਅੱਤਲੀ ਵਾਪਸ ਲੈਣ ਲਈ ਮਤਾ ਪੇਸ਼ ਕੀਤਾ, ਜਿਸ ਨੂੰ ਸਦਨ ਨੇ ਆਵਾਜ਼ੀ ਵੋਟ ਨਾਲ ਮਨਜ਼ੂਰ ਕਰ ਲਿਆ।
25 ਜੁਲਾਈ ਨੂੰ ਕਾਂਗਰਸ ਦੇ ਇਹਨਾਂ ਚਾਰ ਮੈਂਬਰਾਂ ਨੂੰ ਲੋਕ ਸਭਾ ਵਿਚ ਵੱਖ-ਵੱਖ ਮੁੱਦਿਆਂ 'ਤੇ ਹੰਗਾਮੇ ਦੌਰਾਨ ਤਖ਼ਤੀਆਂ ਦਿਖਾਉਣ ਅਤੇ ਚੇਅਰ ਦਾ ਅਪਮਾਨ ਕਰਨ ਦੇ ਦੋਸ਼ ਵਿਚ ਮੌਜੂਦਾ ਸੈਸ਼ਨ ਦੇ ਬਾਕੀ ਰਹਿੰਦੇ ਸਮੇਂ ਲਈ ਸਦਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਹਨਾਂ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਤੋਂ ਪਹਿਲਾਂ ਸਪੀਕਰ ਨੇ ਕਿਹਾ ਕਿ ਸਦਨ ਦੀ ਸਹਿਮਤੀ ਨਾਲ ਉਹ ਇਹ ਵਿਵਸਥਾ ਦੇ ਰਹੇ ਹਨ ਕਿ ਹੁਣ ਕੋਈ ਵੀ ਮੈਂਬਰ ਚੇਅਰ ਦੇ ਨੇੜੇ ਅਤੇ ਤਖ਼ਤੀਆਂ ਨਹੀਂ ਲੈ ਕੇ ਆਵੇਗਾ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਉਸ ਦੇ ਮੈਂਬਰ ਸਦਨ ਵਿਚ ਤਖ਼ਤੀਆਂ ਨਹੀਂ ਲੈ ਕੇ ਆਉਣਗੇ ਅਤੇ ਚੇਅਰ ਅੱਗੇ ਤਖ਼ਤੀਆਂ ਨਹੀਂ ਲਹਿਰਾਉਣਗੇ।
ਓਮ ਬਿਰਲਾ ਨੇ ਕਿਹਾ, ''ਅਤੀਤ 'ਚ ਸਦਨ 'ਚ ਹੋਈਆਂ ਘਟਨਾਵਾਂ ਨੇ ਸਾਨੂੰ ਸਾਰਿਆਂ ਨੂੰ ਦੁੱਖ ਪਹੁੰਚਾਇਆ ਹੈ। ਮੈਨੂੰ ਵੀ ਦੁੱਖ ਹੋਇਆ ਹੈ ਅਤੇ ਦੇਸ਼ ਦੇ ਲੋਕਾਂ ਨੂੰ ਵੀ ਦੁੱਖ ਹੋਇਆ ਹੈ”। ਉਹਨਾਂ ਕਿਹਾ ਕਿ ਸੰਸਦ ਦੇਸ਼ ਦੀ ਸਰਵਉੱਚ ਸੰਸਥਾ ਹੈ। ਇਸ ਸਦਨ ਦਾ ਮਾਣ ਸੰਵਾਦ ਅਤੇ ਵਿਚਾਰ-ਵਟਾਂਦਰੇ ਰਾਹੀਂ ਸਥਾਪਿਤ ਕੀਤਾ ਗਿਆ ਹੈ। ਸਾਬਕਾ ਸਪੀਕਰਾਂ ਅਤੇ ਮੈਂਬਰਾਂ ਨੇ ਗੱਲਬਾਤ ਅਤੇ ਵਿਚਾਰ ਵਟਾਂਦਰੇ ਰਾਹੀਂ ਇਸ ਸਦਨ ਦਾ ਮਾਣ ਵਧਾਇਆ। ਉਹਨਾਂ ਕਿਹਾ, "ਇਸ ਸਦਨ ਦੀ ਮਰਿਯਾਦਾ ਦੀ ਰਾਖੀ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ... ਸਿਰਫ਼ ਚਰਚਾ ਨਾਲ ਹੀ ਸਮੱਸਿਆਵਾਂ ਦਾ ਹੱਲ ਹੋਵੇਗਾ।" ਆਜ਼ਾਦੀ ਤੋਂ ਬਾਅਦ ਵੱਡੀਆਂ ਸਮੱਸਿਆਵਾਂ ਦਾ ਹੱਲ ਸੰਸਦ ਤੋਂ ਨਿਕਲਿਆ।
ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ, ''ਅਸੀਂ ਸਾਰੇ ਦੇਸ਼ ਦੇ ਆਮ ਲੋਕ ਇੱਥੇ ਆਮ ਲੋਕਾਂ ਦੀ ਚਰਚਾ ਲਈ ਆਉਂਦੇ ਹਾਂ। ਅਸੀਂ ਇੱਥੇ ਲੋਕਾਂ ਦੇ ਮਸਲਿਆਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਆਏ ਹਾਂ। ਆਮ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਜੋ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਅਸੀਂ ਉਹ ਕਰ ਰਹੇ ਹਾਂ”। ਉਹਨਾਂ ਕਿਹਾ, "ਕਈ ਵਾਰ ਸਾਨੂੰ ਸਰਕਾਰ ਦੇ ਰਵੱਈਏ ਕਾਰਨ ਵਿਰੋਧ ਕਰਨਾ ਪੈਂਦਾ ਹੈ... ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਸਦਨ ਨੂੰ ਚਲਾਉਣ ਵਿਚ ਪੂਰਾ ਸਹਿਯੋਗ ਦੇਵਾਂਗੇ। ਸਾਡੇ ਮੈਂਬਰਾਂ ਦੀ ਮੁਅੱਤਲੀ ਵਾਪਸ ਲਈ ਜਾਵੇ।" ਕਾਂਗਰਸ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੇ ਨਾਲ ਹੀ ਸਦਨ 'ਚ ਨਿਯਮ 193 ਤਹਿਤ ਮਹਿੰਗਾਈ 'ਤੇ ਚਰਚਾ ਸ਼ੁਰੂ ਹੋ ਗਈ।