
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਪਹਿਲਾਂ ਇਕ ਘੰਟੇ ਲਈ ਅਤੇ ਫਿਰ ਦਿਨ ਭਰ ਲਈ ਮੁਲਤਵੀ ਕਰਨੀ ਪਈ।
ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਦਾ 7ਵਾਂ ਦਿਨ ਵੀ ਹੰਗਾਮੇਦਾਰ ਰਿਹਾ। ਮੰਗਲਵਾਰ ਨੂੰ ਵਿਰੋਧੀ ਧਿਰ ਨੇ ਜੀਐਸਟੀ ਅਤੇ ਮਹਿੰਗਾਈ ਨੂੰ ਲੈ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਰਾਜ ਸਭਾ ਤੋਂ ਵਿਰੋਧੀ ਧਿਰ ਦੇ 19 ਸੰਸਦ ਮੈਂਬਰਾਂ ਨੂੰ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ। ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਪਹਿਲਾਂ ਇਕ ਘੰਟੇ ਲਈ ਅਤੇ ਫਿਰ ਦਿਨ ਭਰ ਲਈ ਮੁਲਤਵੀ ਕਰਨੀ ਪਈ। ਉਧਰ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਹੀ ਇਸ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।
Rajya Sabha Adjourned For the Day
ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿਚ ਸੁਸ਼ਮਿਤਾ ਦੇਵ, ਡਾਕਟਰ ਸ਼ਾਂਤਨੂ ਸੇਨ ਅਤੇ ਡੋਲਾ ਸੇਨ, ਮੌਸਮ ਨੂਰ, ਸ਼ਾਂਤਾ ਛੇਤਰੀ, ਨਦੀਮੁਲ ਹੱਕ, ਅਭੀ ਰੰਜਨ ਵਿਸ਼ਵਾਸ (ਸਾਰੇ ਤ੍ਰਿਣਮੂਲ ਕਾਂਗਰਸ) ਤੋਂ ਇਲਾਵਾ ਏ. ਰਹੀਮ ਅਤੇ ਸ਼ਿਵਦਾਸਨ (ਖੱਬੇਪੱਖੀ), ਕਨੀਮੋਝੀ (ਡੀਐਮਕੇ), ਬੀਐਲ ਯਾਦਵ (ਟੀਆਰਐਸ) ਅਤੇ ਮੁਹੰਮਦ ਅਬਦੁੱਲਾ ਦੇ ਨਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਹਨਾਂ 'ਚ ਕਾਂਗਰਸ ਦਾ ਕੋਈ ਸੰਸਦ ਮੈਂਬਰ ਨਹੀਂ ਹੈ।
ਇਸ ਤੋਂ ਪਹਿਲਾਂ ਲੋਕ ਸਭਾ ਵਿਚ ਸੋਮਵਾਰ ਨੂੰ ਭਾਰੀ ਹੰਗਾਮੇ ਦਰਮਿਆਨ ਸਪੀਕਰ ਓਮ ਬਿਰਲਾ ਨੇ ਕਾਂਗਰਸ ਦੇ ਚਾਰ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ। ਜੋਤੀਮਣੀ, ਮਾਨਿਕਮ ਟੈਗੋਰ, ਟੀਐਨ ਪ੍ਰਥਾਪਨ ਅਤੇ ਰਾਮਿਆ ਹਰੀਦਾਸ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਲੋਕ ਸਭਾ ਵਿਚ ਵਿਰੋਧੀ ਧਿਰ ਨੇ ਮਹਿੰਗਾਈ ਅਤੇ ਜੀਐਸਟੀ ਨੂੰ ਲੈ ਕੇ ਹੰਗਾਮਾ ਕੀਤਾ। ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਵਿਰੋਧੀ ਧਿਰ ਦੇ ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।