
ਮੋਦੀ ਬੋਲੇ- ਇਕ ਦੂਜੇ 'ਤੇ ਭਰੋਸਾ ਕਰਨ ਨਾਲ ਹੀ ਦੇਸ਼ ਮਜ਼ਬੂਤ ਬਣੇਗਾ
ਪੁਣੇ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੁਣੇ ਵਿਚ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਸਮਾਰੋਹ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਸ਼ਰਦ ਪਵਾਰ ਨਾਲ ਮੰਚ ਸਾਂਝਾ ਕੀਤਾ। ਪਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕਮਾਨਿਆ ਤਿਲਕ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਆਯੋਜਿਤ ਪ੍ਰੋਗਰਾਮ 'ਚ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ "ਉਚ ਅਗਵਾਈ" ਅਤੇ "ਨਾਗਰਿਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ" ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਪਵਾਰ ਨੇ ਨਰਿੰਦਰ ਮੋਦੀ ਦੇ ਨਾਲ ਮੰਚ ਸਾਂਝਾ ਨਾ ਕਰਨ ਦੇ ਵਿਰੋਧੀ ਪਾਰਟੀਆਂ ਦੇ ਗੱਠਜੋੜ 'ਇੰਡੀਆ' ਦੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਸੀ। 'ਇੰਡੀਆ' ਦੇ ਮੈਂਬਰਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ਜਦੋਂ ਭਾਜਪਾ ਦੇ ਵਿਰੁੱਧ ਇੱਕ ਸੰਯੁਕਤ ਮੋਰਚਾ ਬਣਾਇਆ ਜਾ ਰਿਹਾ ਹੈ, ਪਵਾਰ ਦਾ ਇਸ ਸਮਾਗਮ ਵਿਚ ਸ਼ਾਮਲ ਹੋਣਾ ਵਿਰੋਧੀ ਧਿਰ ਲਈ ਚੰਗਾ ਨਹੀਂ ਹੋਵੇਗਾ।
ਪਵਾਰ ਨੇ ਉਨ੍ਹਾਂ ਸੰਸਦ ਮੈਂਬਰਾਂ ਨਾਲ ਮੁਲਾਕਾਤ ਨਹੀਂ ਕੀਤੀ ਸੀ ਜੋ ਉਨ੍ਹਾਂ ਨੂੰ ਸਮਾਗਮ ਵਿਚ ਸ਼ਾਮਲ ਨਾ ਹੋਣ ਲਈ ਮਨਾਉਣਾ ਚਾਹੁੰਦੇ ਸਨ। ਦੱਸ ਦਈਏ ਕਿ ਜਿਹੜਾ ਪੁਰਸਾਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਹੈ ਉਸ ਦੀ ਸਥਾਪਨਾ 1983 ਵਿਚ ਤਿਲਕ ਸਮਾਰਕ ਮੰਦਰ ਟਰੱਸਟ ਦੁਆਰਾ ਲੋਕਮਾਨਿਆ ਤਿਲਕ ਦੀ ਵਿਰਾਸਤ ਨੂੰ ਸਨਮਾਨ ਕਰਨ ਲਈ ਕੀਤੀ ਗਈ ਸੀ। ਇਹ ਪੁਰਸਕਾਰ ਹਰ ਸਾਲ ਲੋਕਮਾਨਿਆ ਤਿਲਕ ਦੀ ਬਰਸੀ 'ਤੇ 1 ਅਗਸਤ ਨੂੰ ਦਿੱਤਾ ਜਾਂਦਾ ਹੈ।
ਕੁੱਝ ਸਮਾਜਿਕ ਸੰਗਠਨਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੈਂਬਰਾਂ ਨੇ ਮੋਦੀ ਦੇ ਦੌਰੇ ਦਾ ਵਿਰੋਧ ਕੀਤਾ। ਇਸ ਧਰਨੇ ਦੀ ਅਗਵਾਈ ਸਮਾਜ ਸੇਵੀ ਬਾਬਾ ਆਢਾਵ ਨੇ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੇ ਕਾਲੇ ਝੰਡੇ ਦਿਖਾਏ। ਵਿਰੋਧੀ ਗਠਜੋੜ ਦੇ ਮੈਂਬਰਾਂ ਨੇ ਦਗਦੂਸ਼ੇਠ ਹਲਵਾਈ ਗਣੇਸ਼ ਮੰਦਰ ਤੋਂ ਲਗਭਗ 300 ਮੀਟਰ ਦੂਰ ਮੰਡਾਈ ਵਿਖੇ ਪ੍ਰਦਰਸ਼ਨ ਕੀਤਾ। ਮੋਦੀ ਨੇ ਪੁਣੇ ਪਹੁੰਚ ਕੇ ਇਸ ਮੰਦਰ 'ਚ ਪੂਜਾ ਅਰਚਨਾ ਕੀਤੀ।
ਕਾਂਗਰਸ, ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ), ਐਨਸੀਪੀ (ਸ਼ਰਦ ਪਵਾਰ ਧੜੇ) ਅਤੇ ਵੱਖ-ਵੱਖ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲਿਆ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਸ ਪੁਰਸਕਾਰ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਪੁਣੇ 'ਚ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਮੌਕੇ ਉਨ੍ਹਾਂ ਕਿਹਾ ਕਿ ਇਕ ਦੂਜੇ 'ਤੇ ਭਰੋਸਾ ਦੇਸ਼ ਨੂੰ ਮਜ਼ਬੂਤ ਬਣਾਵੇਗਾ। ਮੋਦੀ ਨੇ ਪ੍ਰੋਗਰਾਮ 'ਚ ਆਪਣੇ ਸੰਬੋਧਨ 'ਚ ਕਿਹਾ ਕਿ ਜੇਕਰ ਬੇਭਰੋਸਗੀ ਦਾ ਮਾਹੌਲ ਹੈ ਤਾਂ ਵਿਕਾਸ ਅਸੰਭਵ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਮਾਨਿਆ ਤਿਲਕ ਆਜ਼ਾਦ ਪ੍ਰੈਸ ਦੇ ਮਹੱਤਵ ਨੂੰ ਸਮਝਦੇ ਸਨ। ਮੋਦੀ ਨੇ ਕਿਹਾ, ''ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੀ ਦਿਸ਼ਾ ਬਦਲ ਦਿੱਤੀ। ਅੰਗਰੇਜ਼ਾਂ ਨੇ ਉਹਨਾਂ ਨੂੰ ਭਾਰਤੀ ਅਸ਼ਾਂਤੀ ਦਾ ਪਿਤਾ ਕਿਹਾ। ਪੀਐੱਮ ਮੋਦੀ ਨੇ ਕਿਹਾ ਕਿ ਉਹ ਲੋਕਮਾਨਿਆ ਤਿਲਕ ਦੇ ਨਾਮ 'ਤੇ ਪੁਰਸਕਾਰ ਪ੍ਰਾਪਤ ਕਰਨ ਲਈ ਮਾਣ ਮਹਿਸੂਸ ਕਰ ਰਹੇ ਹਨ, ਜੋ ਭਾਰਤ ਦੇ ਆਜ਼ਾਦੀ ਸੰਘਰਸ਼ ਵਿਚ ਮੋਹਰੀ ਸਨ।
ਪੀਐੱਮ ਮੋਦੀ ਨੇ ਕਿਹਾ ਕਿ ''ਅੱਜ ਕੁਝ ਲੋਕ ਬੇਚੈਨ ਹੋ ਜਾਂਦੇ ਹਨ ਜੇਕਰ ਵਿਦੇਸ਼ੀ ਹਮਲਾਵਰਾਂ ਦੇ ਨਾਂ 'ਤੇ ਨਾਮ ਬਦਲਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ “ਲੋਕਮਾਨਿਆ ਤਿਲਕ ਵਿਚ ਨੌਜਵਾਨ ਪ੍ਰਤਿਭਾਵਾਂ ਨੂੰ ਪਛਾਣਨ ਦੀ ਵਿਲੱਖਣ ਯੋਗਤਾ ਸੀ। ਵੀਰ ਸਾਵਰਕਰ ਇਸ ਦੀ ਇੱਕ ਮਿਸਾਲ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿਲਕ ਨੂੰ ਵੀਰ ਸਾਵਰਕਰ ਦੀ ਸਮਰੱਥਾ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਵਿਦੇਸ਼ ਵਿਚ ਉਹਨਾਂ ਦੀ ਸਿੱਖਿਆ ਵਿਚ ਅਹਿਮ ਭੂਮਿਕਾ ਨਿਭਾਈ।
ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਕਿਸੇ ਪੁਰਸਕਾਰ ਜਾ ਨਾਮ ਲੋਕਮਾਨਿਆ ਤਿਲਕ ਦੇ ਨਾਮ 'ਤੇ ਰੱਖਿਆ ਜਾਂਦਾ ਹੈ ਤਾਂ ਜ਼ਿਮੇਵਾਰੀ ਵਧ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਖਿਲਾਫ਼ ਮਹਾਮਾਰੀ ਦੀ ਲੜਾਈ ਵਿਚ ਪੁਣੇ ਦੇ ਯੋਗਦਾਨ ਦੀ ਵੀ ਸਹਾਰਨਾ ਕੀਤੀ। ਇਸ ਮੌਕੇ 'ਤੇ ਪਵਾਰ ਨੇ ਕਿਹਾ ਕਿ ਭਾਰਤ ਵਿਚ ਪਹਿਲੀ ਸਰਜੀਕਲ ਸਟਰਾਈਕ ਸ਼ਰਤਪਤੀ ਸ਼ਿਵਾਜੀ ਦੇ ਕਾਰਜਕਾਲ ਮੌਕੇ ਹੋਈ ਸੀ। ਪਵਾਰ ਨੇ ਕਿਹਾ ਕਿ ਦੇਸ਼ ਨੇ ਦੋ ਯੁੱਗ ਦੇਖੇ ਹਨ, ਇਕ ਤਿਲਕ ਦਾ ਤੇ ਦੂਜਾ ਮਹਾਤਮਾ ਗਾਂਧੀ ਦਾ ਯੁੱਗ।