
ਦਿੱਲੀ ਦੀ ਅਦਾਲਤ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਅਤੇ ਪੁੱਤਰ ਤੇਜੱਸਵੀ ਯਾਦਵ ਨੂੰ ਰੇਲ ਘਪਲੇ ਦੇ ਮਾਮਲੇ ਵਿਚ ਜ਼ਮਾਨਤ ਦੇ ਦਿਤੀ ਹੈ...........
ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਦੀ ਪਤਨੀ ਰਾਬੜੀ ਦੇਵੀ ਅਤੇ ਪੁੱਤਰ ਤੇਜੱਸਵੀ ਯਾਦਵ ਨੂੰ ਰੇਲ ਘਪਲੇ ਦੇ ਮਾਮਲੇ ਵਿਚ ਜ਼ਮਾਨਤ ਦੇ ਦਿਤੀ ਹੈ। ਵਿਸ਼ੇਸ਼ ਜੱਜ ਅਰੁਣ ਭਾਰਦਵਾਜ ਨੇ ਇਸ ਕੇਸ ਵਿਚ ਪ੍ਰਸਾਦ ਵਿਰੁਧ ਪੇਸ਼ੀ ਵਾਰੰਟ ਵੀ ਜਾਰੀ ਕੀਤਾ ਹੈ। ਅਦਾਲਤ ਨੇ ਰਾਬੜੀ ਅਤੇ ਯਾਦਵ ਨੂੰ ਇਕ ਲੱਖ ਰੁਪਏ ਦੇ ਨਿਜੀ ਬਾਂਡ 'ਤੇ ਜ਼ਮਾਨਤ ਦਿਤੀ। ਮਾਮਲੇ ਦੀ ਅਗਲੀ ਸੁਣਵਾਈ ਛੇ ਅਕਤੂਬਰ ਨੂੰ ਹੈ। ਪਹਿਲਾਂ ਅਦਾਲਤ ਨੇ ਸੰਮਨ ਕਰ ਕੇ ਲਾਲੂ ਪਰਵਾਰ ਅਤੇ ਹੋਰਾਂ ਨੂੰ ਪੇਸ਼ ਹੋਣ ਲਈ ਕਿਹਾ ਸੀ।
ਲਾਲੂ ਅੱਜ ਅਦਾਲਤ ਅੱਗੇ ਪੇਸ਼ ਨਹੀਂ ਹੋਇਆ ਕਿਉਂਕਿ ਉਹ ਇਕ ਹੋਰ ਕੇਸ ਵਿਚ ਝਾਰਖੰਡ ਦੀ ਜੇਲ ਵਿਚ ਹੈ। ਸੀਬੀਆਈ ਨੇ 16 ਅਪ੍ਰੈਲ ਨੂੰ ਇਸ ਕੇਸ ਵਿਚ ਦੋਸ਼-ਪੱਤਰ ਦਾਖ਼ਲ ਕੀਤਾ ਸੀ ਅਤੇ ਕਿਹਾ ਸੀ ਕਿ ਲਾਲੂ, ਰਾਬੜੀ, ਤੇਜੱਸਵੀ ਅਤੇ ਹੋਰਾਂ ਵਿਰੁਧ ਚੋਖੇ ਸਬੂਤ ਹਨ। ਸੀਬੀਆਈ ਨੇ ਪਹਿਲਾਂ ਅਦਾਲਤ ਨੂੰ ਕਿਹਾ ਸੀ ਕਿ ਵੇਲੇ ਦੇ ਅਧਿਕਾਰੀਆਂ ਵਿਰੁਧ ਮੁਕੱਦਮਾ ਚਲਾਉਣ ਲਈ ਅਧਿਕਾਰੀਆਂ ਕੋਲੋਂ ਪ੍ਰਵਾਨਗੀ ਲੈ ਲਈ ਹੈ। ਸੀਬੀਆਈ ਨੇ ਪਿਛਲੇ ਸਾਲ ਜੁਲਾਈ ਵਿਚ ਕੇਸ ਦਰਜ ਕੀਤਾ ਸੀ ਅਤੇ 12 ਥਾਵਾਂ 'ਤੇ ਛਾਪੇ ਮਾਰੇ ਸਨ। (ਪੀਟੀਆਈ)