
ਕੇਂਦਰ ਦੇ ਹੀ ਅਦਾਰੇ ਸਿੱਖ ਹਿਊਮੈਨੀਟੇਰੀਅਨ ਸੁਸਾਇਟੀ ਦੀਆਂ ਬੱਚੀਆਂ ਨੇ ਵੀ ਗੀਤਾਂ ਤੇ ਕਵਿਤਾਵਾਂ ਦੇ ਗਾਇਨ ਨਾਲ ਸਿੱਖੀ ਦੀ ਮਹਾਨਤਾ ਨੂੰ ਬਿਆਨਿਆ
ਨਵੀਂ ਦਿੱਲੀ (ਅਮਨਦੀਪ ਸਿੰਘ): ਸਿੱਖ ਪੰਥ ਦੇ ਵਿਲੱਖਣ ਅਦਾਰੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ, ਮਹਿਰੌਲੀ ਵਿਖੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਕਰਵਾਏ ਗਏ ਖ਼ਾਸ ਸਮਾਗਮ ਵਿਚ ਬੱਚਿਆਂ ਨੂੰ ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਚੰਗਾ ਇਨਸਾਨ ਬਣਨ ਦਾ ਸੱਦਾ ਦਿਤਾ ਗਿਆ। ਅੱਜ ਕੇਂਦਰ ਦੇ ਗੁਰੂ ਨਾਨਕ ਆਡੀਟੋਰੀਅਮ ਵਿਖੇ ਹੋਏ ਸਮਾਗਮ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਕੇਂਦਰ ਦੇ ਵਿਦਿਆਰਥੀਆਂ ਦੇ ਰਬਾਬੀ ਕੀਰਤਨੀ ਜੱਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ, ਉਥੇ ਲੈਕਚਰ ਤੇ ਕਵਿਤਾਵਾਂ ਰਾਹੀਂ ਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਬਾਰੇ ਦਸਿਆ।
ਕੇਂਦਰ ਦੇ ਹੀ ਅਦਾਰੇ ਸਿੱਖ ਹਿਊਮੈਨੀਟੇਰੀਅਨ ਸੁਸਾਇਟੀ ਦੀਆਂ ਬੱਚੀਆਂ ਨੇ ਵੀ ਗੀਤਾਂ ਤੇ ਕਵਿਤਾਵਾਂ ਦੇ ਗਾਇਨ ਨਾਲ ਸਿੱਖੀ ਦੀ ਮਹਾਨਤਾ ਨੂੰ ਬਿਆਨਿਆ।ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾ.ਚਰਨ ਸਿੰਘ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਭਰਵੀਂ ਤਾਰੀਫ਼ ਕਰਦਿਆਂ ਸੁਝਾਅ ਦਿਤਾ ਕਿ ਇਨ੍ਹਾਂ ਬੱਚਿਆਂ ਨੂੰ ਦਿੱਲੀ ਦੇ ਹੋਰਨਾਂ ਸਕੂਲਾਂ, ਕਾਲਜਾਂ ਵਿਚ ਜਾ ਕੇ, ਸਿੱਖੀ ਦਾ ਸੁਨੇਹਾ ਦੇਣਾ ਚਾਹੀਦਾ ਹੈ।
Guru Granth Sahib Vidya Kendra, Mehrauli
ਉਹ ਬੱਚਿਆਂ ਦੀ ਪੇਸ਼ਕਾਰੀ ਤੋਂ ਐਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਅਗਲੀ ਵਾਰ ਅਪਣੇ ਪਰਵਾਰਕ ਮੈਂਬਰਾਂ ਨਾਲ ਮੁੜ ਇਥੇ ਆਉਣ ਦੀ ਇੱਛਾ ਪ੍ਰਗਟਾਈ। ਗੁਰੂ ਗ੍ਰੰਥ ਸਾਹਿਬ ਕੇਂਦਰ ਦੇ ਜਨਰਲ ਮੈਨੇਜਰ ਤੇ ਸੇਵਾਮੁਕਤ ਕਰਨਲ ਜੇ.ਪੀ.ਸਿੰਘ ਸਾਹੀ ਨੇ ਬੱਚਿਆਂ ਨੂੰ ਸਿੱਖਾਂ ਦੀਆਂ ਪ੍ਰਾਪਤੀਆਂ ਦਾ ਚੇਤਾ ਕਰਵਾਉਂਦੇ ਹੋਏ ਦਸਿਆ, “ਜਦੋਂ ਸਰਕਾਰਾਂ ਨੂੰ ਅਜੇ ਹੋਸ਼ ਵੀ ਨਹੀਂ ਸੀ ਆਈ, ਉਦੋਂ ਸਿੱਖਾਂ ਨੇ 1908 ਵਿਚ ਪੰਜਾਬ ਐਂਡ ਸਿੰਧ ਬੈਂਕ ਸ਼ੁਰੂ ਵੀ ਕਰ ਦਿਤਾ ਸੀ ਜਿਸ ਵਿਚ ਗੁਰਬਾਣੀ ਦੇ ਆਧਾਰ ’ਤੇ ਸਿੱਖਾਂ ਨੂੰ ਨੌਕਰੀਆਂ ਦਿਤੀਆਂ ਗਈਆਂ ਸਨ।’’
ਇਸ ਮੌਕੇ ਅਪਣੇ ਸੰਬੋਧਨ ਵਿਚ ਡਾ.ਚਰਨ ਸਿੰਘ ਨੇ ਸਿੱਖ ਧਰਮ ਦੇ ਨਿਵੇਕਲੇ ਉਪਦੇਸ਼ਾਂ ਦਾ ਜ਼ਿਕਰ ਕੀਤਾ ਤੇ ਕਿਹਾ,“ਸਾਡੇ ਚੰਗੇ ਭਾਗ ਹਨ ਕਿ ਸਾਨੂੰ ਵਿਰਸੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਖ਼ਸ਼ਿਸ਼ ਹੋਈ ਹੈ ਤੇ ਗੁਰੂ ਸਾਹਿਬਾਨ ਨੇ 1604 ਵਿਚ ‘ਸਗਲ ਧਰਮ ਮਹਿ ਸ੍ਰੇਸਟੁ ਧਰਮੁ, ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥’ ਦਾ ਮਹਾਨ ਸੁਨੇਹਾ ਦੇ ਕੇ, ਅਪਣੇ ਮਹਾਨ ਨਜ਼ਰੀਏ ਨੂੂੰ ਸ਼ਪਸ਼ਟ ਕੀਤਾ ਸੀ।’’
ਉਨ੍ਹਾਂ ਕਿਹਾ, “ਗੁਰੂ ਸਾਹਿਬ ਨੇ ਸਾਨੂੰ ਏਕੇ ਦੀ ਗੱਲ ਸਮਝਾਈ ਸੀ, ਸੋ ਸਾਨੂੰ ਚਾਹੀਦਾ ਹੈ ਕਿ ਅਪਣੇ ਪਰਵਾਰ, ਸਮਾਜ, ਕੌਮ ਤੇ ਦੇਸ਼ ਦੀ ਸੇਵਾ ਕਰਦੇ ਰਹੀਏ, ਜਿਸ ਨਾਲ ਏਕਾ ਕਾਇਮ ਰਹਿ ਸਕੇ।’’ ਪਿ੍ਰੰਸੀਪਲ ਬਲਦੇਵ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਮਹਾਨਤਾ ਨੂੰ ਉਭਾਰਿਆ।ਵੱਖ-ਵੱਖ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਨੂੂੰ ਡਾ.ਚਰਨ ਸਿੰਘ ਨੇ ਪ੍ਰਮਾਣ ਪੱਤਰ ਵੀ ਵੰਡੇ।
ਸ਼ੁਰੂਆਤ ਵਿਚ ਕਰਨਲ ਸਾਹੀ, ਸ.ਐਚ.ਐਸ.ਨਾਗ ਤੇ ਪਿ੍ਰੰਸੀਪਲ ਬਲਦੇਵ ਸਿੰਘ ਨੇ ਡਾ.ਚਰਨ ਸਿੰਘ ਨੂੰ ਕੇਂਦਰ ਦਾ ਦੌਰਾ ਵੀ ਕਰਵਾਇਆ ਤੇ ਵਿਖਾਇਆ ਕਿ ਕਿਸ ਤਰ੍ਹਾਂ ਬੱਚੇ ਜਮਾਤਾਂ ਵਿਚ ਪੜ੍ਹਾਈ ਕਰ ਰਹੇ ਹਨ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲੈ ਰਹੇ ਹਨ।