
ਜ਼ਹਿਰ ਖਾਣ ਲਈ ਮਜਬੂਰ ਹੋਣ ਵਾਲੇ ਇਹ ਸੱਤ ਮੁਲਾਜ਼ਮ ਮਾਡਿਊਲਰ ਰਸੋਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਣਾਉਣ ਵਾਲੀ ਇੱਕ ਨਿੱਜੀ ਕੰਪਨੀ ਦੀ ਫ਼ੈਕਟਰੀ ਦੇ ਕਰਮਚਾਰੀ ਹਨ।
ਇੰਦੌਰ: ਤਨਖਾਹ ਦੇ ਬਕਾਏ ਦੀ ਮੰਗ ਕਰਨ 'ਤੇ ਇਕ ਹੋਰ ਫੈਕਟਰੀ ਵਿਚ ਤਬਦੀਲ ਕੀਤੇ ਜਾਣ ਤੋਂ ਪਰੇਸ਼ਾਨ ਇਕ ਨਿੱਜੀ ਕੰਪਨੀ ਦੇ ਸੱਤ ਕਰਮਚਾਰੀਆਂ ਨੇ, ਕਥਿਤ ਤੌਰ 'ਤੇ ਇਕੱਠਿਆਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਨਾਲ ਜੁੜੇ ਇੱਕ ਪੁਲਿਸ ਅਫ਼ਸਰ ਨੇ ਦੱਸਿਆ ਕਿ ਪਰਦੇਸ਼ੀਪੁਰਾ ਥਾਣਾ ਖੇਤਰ 'ਚ ਅਣਪਛਾਤੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰਨ ਵਾਲੇ 7 ਵਿਅਕਤੀਆਂ ਨੂੰ ਮਹਾਰਾਜਾ ਯਸ਼ਵੰਤਰਾਓ ਚਿਕਿਤਸਾਲਿਆ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਫ਼ਿਲਹਾਲ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।
ਜ਼ਹਿਰ ਖਾਣ ਲਈ ਮਜਬੂਰ ਹੋਣ ਵਾਲੇ ਇਹ ਸੱਤ ਮੁਲਾਜ਼ਮ ਮਾਡਿਊਲਰ ਰਸੋਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਣਾਉਣ ਵਾਲੀ ਇੱਕ ਨਿੱਜੀ ਕੰਪਨੀ ਦੀ ਫ਼ੈਕਟਰੀ ਦੇ ਕਰਮਚਾਰੀ ਹਨ। ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਦੇ ਮਾਲਕਾਂ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਦਿੱਤੀਆਂ ਸਨ ਅਤੇ ਉਨ੍ਹਾਂ ਦਾ ਤਬਾਦਲਾ ਕਿਸੇ ਹੋਰ ਫੈਕਟਰੀ ਵਿੱਚ ਕਰ ਦਿੱਤਾ ਸੀ, ਜਿਸ ਕਾਰਨ ਉਹ ਮਾਨਸਿਕ ਪਰੇਸ਼ਾਨੀ ਵਿੱਚ ਸਨ।
ਇਹਨਾਂ 7 ਕਰਮਚਾਰੀਆਂ ਦੇ ਇੱਕ ਸਾਥੀ ਅਨਿਲ ਨਿਗਮ ਨੇ ਦੱਸਿਆ ਕਿ ਉਸ ਦੇ ਸਾਥੀਆਂ ਨੇ ਨਿੱਜੀ ਕੰਪਨੀ ਦੇ ਦਫ਼ਤਰ ਸਾਹਮਣੇ ਜ਼ਹਿਰ ਖਾਧਾ। ਇਹਨਾਂ ਕਰਮਚਾਰੀਆਂ ਨੇ ਦਾਅਵਾ ਕੀਤਾ ਕਿ ਕੰਪਨੀ ਦੇ ਮਾਲਕਾਂ ਨੇ ਉਹਨਾਂ ਸਾਰਿਆਂ ਨੂੰ ਵੀਰਵਾਰ (1 ਸਤੰਬਰ) ਤੋਂ ਕੰਮ 'ਤੇ ਆਉਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਹਨਾਂ ਦੀਆਂ ਸੇਵਾਵਾਂ ਦੀ ਹੁਣ ਕੋਈ ਲੋੜ ਨਹੀਂ ਹੈ।