
ਇਹਨਾਂ ਛਾਪਿਆਂ ਤੋਂ ਹੁਣ ਤੱਕ 250 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਿਆ ਹੈ।
ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੂੰ ਪਾਵਰ ਟਰਾਂਸਮਿਸ਼ਨ ਅਤੇ ਡਿਸਟ੍ਰੀਬਿਊਸ਼ਨ ਉਪਕਰਨ ਦੇ ਨਿਰਮਾਣ ਸਣੇ ਕਈ ਕਾਰੋਬਾਰਾਂ ਵਿਚ ਸ਼ਾਮਲ ਕੰਪਨੀ ’ਤੇ ਛਾਪੇਮਾਰੀ ਦੌਰਾਨ 250 ਕਰੋੜ ਰੁਪਏ ਤੋਂ ਵੱਧ ਦੀ ‘ਬੇਹਿਸਾਬੀ’ ਜਾਇਦਾਦ ਮਿਲੀ ਹੈ। ਕੇਂਦਰੀ ਪ੍ਰਤੱਖ ਕਰ ਬੋਰਡ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਛਾਪੇ 24 ਤੋਂ 28 ਅਗਸਤ ਦਰਮਿਆਨ ਪੱਛਮੀ ਬੰਗਾਲ ਅਤੇ ਝਾਰਖੰਡ 'ਚ ਕੰਪਨੀ ਦੇ ਟਿਕਾਣਿਆਂ 'ਤੇ ਮਾਰੇ ਗਏ। ਕੰਪਨੀ ਸਟੀਲ ਪਾਈਪਾਂ ਅਤੇ ਪੌਲੀਮਰ ਉਤਪਾਦਾਂ ਦੇ ਨਿਰਮਾਣ ਵਿਚ ਵੀ ਸ਼ਾਮਲ ਹੈ।
ਬੋਰਡ ਨੇ ਇਕ ਬਿਆਨ 'ਚ ਕਿਹਾ, “ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਦੀ ਅਚੱਲ ਜਾਇਦਾਦ ਅਤੇ ਬੇਹਿਸਾਬ ਨਕਦ ਕਰਜ਼ਿਆਂ ਦੇ ਸਬੂਤ ਵੀ ਮਿਲੇ ਹਨ ਅਤੇ ਜ਼ਬਤ ਕੀਤੇ ਗਏ ਸਬੂਤਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਮੂਹ ਨੇ ਹਵਾਲਾ ਕਾਰੋਬਾਰ ਲਈ ਕਈ ਧੋਖਾਧੜੀ ਵਾਲੀਆਂ ਕੰਪਨੀਆਂ ਦੀ ਵਰਤੋਂ ਵੀ ਕੀਤੀ ਸੀ। ਦੱਸ ਦੇਈਏ ਕਿ ਸੀਬੀਡੀਟੀ ਇਨਕਮ ਟੈਕਸ ਵਿਭਾਗ ਲਈ ਨੀਤੀ ਤਿਆਰ ਕਰਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਛਾਪਿਆਂ ਤੋਂ ਹੁਣ ਤੱਕ 250 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਆਮਦਨ ਦਾ ਪਤਾ ਲੱਗਿਆ ਹੈ।