
ਮਹਾਰਾਸ਼ਟਰ 'ਚ ਕਾਰੋਬਾਰੀ ਦੇ ਟਿਕਾਣਿਆਂ 'ਤੇ ਇਨਕਮ ਟੈਕਸ ਦਾ ਛਾਪਾ, ਮਿਲੀ 390 ਕਰੋੜ ਦੀ ਬੇਨਾਮੀ ਜਾਇਦਾਦ
ਮੁੰਬਈ, 11 ਅਗੱਸਤ : ਕੇਂਦਰੀ ਜਾਂਚ ਏਜੰਸੀ ਈਡੀ ਤੋਂ ਬਾਅਦ ਹੁਣ ਆਮਦਨ ਕਰ ਵਿਭਾਗ ਵੀ ਹਰਕਤ ਵਿਚ ਹੈ | ਬੰਗਾਲ ਤੋਂ ਬਾਅਦ ਮਹਾਰਾਸ਼ਟਰ 'ਚ ਵੀ ਇਨਕਮ ਟੈਕਸ ਵਿਭਾਗ ਦੇ ਛਾਪੇਮਾਰੀ 'ਚ ਵੱਡੀ ਨਕਦੀ ਮਿਲੀ ਹੈ | ਮਹਾਰਾਸ਼ਟਰ ਦੇ ਜਾਲਨਾ 'ਚ ਆਮਦਨ ਕਰ ਵਿਭਾਗ ਨੇ ਸਟੀਲ, ਕੱਪੜਾ ਵਪਾਰੀ ਅਤੇ ਰੀਅਲ ਅਸਟੇਟ ਡਿਵੈਲਪਰ 'ਤੇ ਛਾਪੇਮਾਰੀ ਕੀਤੀ ਹੈ, ਜਿਸ 'ਚ ਵਿਭਾਗ ਨੂੰ ਵੱਡੀ ਮਾਤਰਾ 'ਚ ਬੇਨਾਮੀ ਜਾਇਦਾਦ ਮਿਲੀ ਹੈ | ਇਨਕਮ ਟੈਕਸ ਵਿਭਾਗ ਨੇ ਕਰੀਬ 390 ਕਰੋੜ ਦੀ ਬੇਨਾਮੀ ਜਾਇਦਾਦ ਜ਼ਬਤ ਕੀਤੀ ਹੈ, ਜਿਸ 'ਚ 58 ਕਰੋੜ ਰੁਪਏ ਨਕਦ, 32 ਕਿਲੋ ਸੋਨਾ, ਹੀਰੇ ਅਤੇ ਮੋਤੀ ਅਤੇ ਕਈ ਜਾਇਦਾਦ ਦੇ ਕਾਗਜ਼ ਮਿਲੇ ਹਨ |
ਛਾਪੇਮਾਰੀ ਦੌਰਾਨ ਮਿਲੀ ਨਕਦੀ ਨੂੰ ਗਿਣਨ ਵਿਚ ਵਿਭਾਗ ਨੂੰ 13 ਘੰਟੇ ਲੱਗ ਗਏ | ਇਨਕਮ ਟੈਕਸ ਨੇ ਇਹ ਕਾਰਵਾਈ 1 ਤੋਂ 8 ਅਗੱਸਤ ਦਰਮਿਆਨ ਕੀਤੀ ਹੈ | ਇਨਕਮ ਟੈਕਸ ਵਿਭਾਗ ਦੀ ਨਾਸਿਕ ਸ਼ਾਖਾ ਨੇ ਇਹ ਕਾਰਵਾਈ ਕੀਤੀ ਹੈ | ਇਸ ਕਾਰਵਾਈ ਵਿਚ ਸੂਬੇ ਭਰ ਦੇ 260 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹੋਏ | ਆਈਟੀ ਸਟਾਫ਼ ਨੂੰ ਪੰਜ ਟੀਮਾਂ ਵਿਚ ਵੰਡਿਆ ਗਿਆ ਸੀ ਅਤੇ ਛਾਪੇਮਾਰੀ ਵਿਚ 120 ਤੋਂ ਵੱਧ ਵਾਹਨਾਂ ਦੀ ਵਰਤੋਂ ਕੀਤੀ ਗਈ ਸੀ |
ਕੱਪੜਾ ਅਤੇ ਸਟੀਲ ਵਪਾਰੀ ਦੇ ਘਰੋਂ ਮਿਲੀ ਨਕਦੀ ਨੂੰ ਜਾਲਨਾ ਸਥਿਤ ਸਟੇਟ ਬੈਂਕ ਦੀ ਸਥਾਨਕ ਸ਼ਾਖਾ ਵਿਚ ਲਿਜਾ ਕੇ ਗਿਣਿਆ ਗਿਆ | ਨਕਦੀ ਦੀ ਗਿਣਤੀ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਰਾਤ ਕਰੀਬ 1 ਵਜੇ ਸਮਾਪਤ ਹੋਈ | ਇਨਕਮ ਟੈਕਸ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਜਾਲਨਾ ਦੀਆਂ ਚਾਰ ਸਟੀਲ ਕੰਪਨੀਆਂ ਦੇ ਸੌਦੇ 'ਚ ਬੇਨਿਯਮੀਆਂ ਹੋ ਰਹੀਆਂ ਹਨ, ਜਿਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਹਰਕਤ 'ਚ ਆਇਆ | ਆਈਟੀ ਟੀਮ ਨੇ ਘਰ ਅਤੇ ਫੈਕਟਰੀਆਂ 'ਤੇ ਛਾਪੇਮਾਰੀ ਕੀਤੀ | ਹਾਲਾਂਕਿ ਟੀਮ ਨੂੰ ਘਰ 'ਚੋਂ ਕੁਝ ਵੀ ਨਹੀਂ ਮਿਲਿਆ ਪਰ ਸ਼ਹਿਰ ਦੇ ਬਾਹਰ ਸਥਿਤ ਫਾਰਮ ਹਾਊਸ 'ਚ ਨਕਦੀ ਅਤੇ ਸੋਨਾ ਅਤੇ ਹੀਰਿਆਂ ਸਮੇਤ ਕਈ ਕਾਗਜ਼ਾਤ ਬਰਾਮਦ ਹੋਏ | (ਏਜੰਸੀ)