
ਅਧਿਆਪਕ ਨੂੰ ਹੁਣ ਤੱਕ ਦੀ ਤਨਖ਼ਾਹ ਵਜੋਂ ਕੀਤੀ ਅਦਾਇਗੀ ਦੀ ਵਸੂਲੀ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਪ੍ਰਤਾਪਗੜ੍ਹ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿਚ ਬੀਐੱਸਸੀ ਅਤੇ ਬੀਐੱਡ ਦੀ ਫਰਜ਼ੀ ਡਿਗਰੀ ਦੇ ਆਧਾਰ ’ਤੇ ਪਿਛਲੇ 13 ਸਾਲਾਂ ਤੋਂ ਨੌਕਰੀ ਕਰ ਰਹੇ ਅਧਿਆਪਕ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਸ ਨੂੰ ਹੁਣ ਤੱਕ ਦਿੱਤੀ ਗਈ ਤਨਖ਼ਾਹ ਦੀ ਵਸੂਲੀ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਮੁਢਲੀ ਸਿੱਖਿਆ ਅਧਿਕਾਰੀ ਭੂਪੇਂਦਰ ਸਿੰਘ ਨੇ ਦੱਸਿਆ ਕਿ ਕੁੰਡਾ ਤਹਿਸੀਲ ਖੇਤਰ ਦੇ ਅਹਿਬਰਨਪੁਰ ਪ੍ਰਾਇਮਰੀ ਸਕੂਲ ਵਿਚ ਮੁੱਖ ਅਧਿਆਪਕ ਵਜੋਂ ਤਾਇਨਾਤ ਰੋਹਿਤ ਕੁਮਾਰ ਯਾਦਵ ਨੂੰ ਬੀਐੱਸਸੀ ਅਤੇ ਬੀਐੱਡ ਦੀ ਫਰਜ਼ੀ ਡਿਗਰੀ ਦੇ ਆਧਾਰ ’ਤੇ ਨੌਕਰੀ ਕਰਨ ਦੇ ਦੋਸ਼ ਵਿਚ ਬਰਖਾਸਤ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਯਾਦਵ ਨੂੰ ਹੁਣ ਤੱਕ ਦੀ ਤਨਖ਼ਾਹ ਵਜੋਂ ਕੀਤੀ ਅਦਾਇਗੀ ਦੀ ਵਸੂਲੀ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਸਿੰਘ ਨੇ ਦੱਸਿਆ ਕਿ ਪ੍ਰਯਾਗਰਾਜ ਨਿਵਾਸੀ ਰਾਜਨਾਥ ਯਾਦਵ ਨੇ 17 ਫਰਵਰੀ 2021 ਨੂੰ ਬੇਸਿਕ ਐਜੂਕੇਸ਼ਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ ਸੀ ਕਿ ਰੋਹਿਤ ਕੁਮਾਰ ਯਾਦਵ ਦੀ ਬੀਐੱਸਸੀ ਅਤੇ ਬੀਐੱਡ ਡਿਗਰੀ ਫਰਜ਼ੀ ਹੈ। ਸ਼ਿਕਾਇਤ ਦੇ ਆਧਾਰ 'ਤੇ ਵਿਭਾਗ ਨੇ ਲਖਨਊ ਯੂਨੀਵਰਸਿਟੀ ਤੋਂ ਡਿਗਰੀ ਦੀ ਜਾਂਚ ਕੀਤੀ, ਜਿਸ 'ਚ ਉਹ ਫਰਜ਼ੀ ਪਾਈ ਗਈ।
ਉਹਨਾਂ ਦੱਸਿਆ ਕਿ ਇਸ ਮਾਮਲੇ ਵਿਚ ਆਪਣੇ ਖ਼ਿਲਾਫ਼ ਨੋਟਿਸ ਜਾਰੀ ਹੋਣ ਤੋਂ ਬਾਅਦ ਰੋਹਿਤ ਨੇ ਨਵੇਂ ਸਿਰੇ ਤੋਂ ਜਾਂਚ ਦੀ ਮੰਗ ਕੀਤੀ ਅਤੇ ਪ੍ਰੀਖਿਆ ਕੰਟਰੋਲ ਵਿਭਾਗ ਨੇ ਇਕ ਵਾਰ ਫਿਰ ਡਿਗਰੀ ਫਰਜ਼ੀ ਹੋਣ ਦੀ ਪੁਸ਼ਟੀ ਕੀਤੀ ਹੈ। ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਰਿਪੋਰਟ ਦੇ ਆਧਾਰ 'ਤੇ ਅਧਿਆਪਕ ਰੋਹਿਤ ਕੁਮਾਰ ਯਾਦਵ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਉਸ ਤੋਂ ਤਨਖਾਹ ਵਜੋਂ ਦਿੱਤੀ ਗਈ ਰਾਸ਼ੀ ਵਸੂਲ ਕਰਨ ਅਤੇ ਥਾਣਾ ਹਥੀਗਵਾਂ ਵਿਖੇ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।