
ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਕੀਤਾ ਦਰਜ
ਮੁੰਬਈ: ਇੱਥੋਂ ਦੇ ਉਪਨਗਰ ਸੇਵਰੀ 'ਚ ਝੁੱਗੀ-ਝੌਂਪੜੀ 'ਚ ਰਹਿਣ ਵਾਲੀਆਂ ਔਰਤਾਂ ਦੀਆਂ ਖਿੜਕੀਆਂ, ਦਰਵਾਜ਼ਿਆਂ ਜਾਂ ਝੁੱਗੀਆਂ ਦੀਆਂ ਟੀਨਾਂ ਦੀਆਂ ਵਿਰਲਾਂ ਵਿੱਚੋਂ ਵੀਡੀਓ ਬਣਾਉਣ ਦੇ ਦੋਸ਼ 'ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵੀਰਵਾਰ 1 ਸਤੰਬਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਹ ਵਾਰਦਾਤਾਂ 2019 ਅਤੇ 2020 ਵਿੱਚ ਕੀਤੀਆਂ ਸਨ ਅਤੇ ਇਸ ਦਾ ਖੁਲਾਸਾ ਐਤਵਾਰ ਨੂੰ ਦੋ ਵਿਅਕਤੀਆਂ ਵਿਚਾਲੇ ਹੋਏ ਇੱਕ ਝਗੜੇ ਦੌਰਾਨ ਹੋਇਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਸੀਵਰੀ ਦੇ ਬੋਥਾਹਾਰਟ ਰੋਡ ਝੁੱਗੀ ਦੇ ਵਸਨੀਕ ਸਤੀਸ਼ ਹਰੀਜਨ (29), ਸਟੀਫ਼ਨ ਨਾਦਰ (21) ਅਤੇ ਸਰਵਨ ਹਰੀਜਨ (23) ਵਿਰੁੱਧ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਪੋਰਟ ਜ਼ੋਨ ਦੇ ਡਿਪਟੀ ਕਮਿਸ਼ਨਰ ਨੇ ਕਿਹਾ, “ਸਾਨੂੰ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਵਿੱਚ ਔਰਤਾਂ ਦੀਆਂ ਨਿੱਜੀ ਗਤੀਵਿਧੀਆਂ ਨੂੰ ਦਰਸਾਉਂਦੇ ਕਈ ਵੀਡੀਓ ਮਿਲੇ ਹਨ। ਸਾਨੂੰ ਇੱਕ ਪੈਨ ਡਰਾਈਵ ਵੀ ਮਿਲੀ ਹੈ ਜਿਸ ਜਿਸ ਵਿੱਚ ਇਹ ਵੀਡੀਓ ਸੁਰੱਖਿਅਤ ਰੱਖੇ ਜਾਂਦੇ ਸਨ।"
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ, “ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਇਹ ਵੀਡੀਓ ਆਪਣੇ ਲਈ ਬਣਾਏ ਸਨ। ਅਸੀਂ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ ਕਿ ਕੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਸਨ ਜਾਂ ਕਿਸੇ ਨੂੰ ਵੇਚੇ ਗਏ ਸਨ।"
ਡੀ.ਸੀ.ਪੀ. ਨੇ ਕਿਹਾ ਕਿ ਇੱਕ ਝਗੜੇ ਦੌਰਾਨ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਪੀੜਤ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਏ ਜਾਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।