ਵਿਸ਼ਵਮ ਨੇ ਚਿੱਠੀ ’ਚ ਕਿਹਾ ਕਿ ਕਿਸਾਨ ਖਾਦ ਦੀ ਚੋਣ ’ਚ ਸਪਸ਼ਟਤਾ, ਬਦਲ ਅਤੇ ਪਾਰਦਰਸ਼ਤਾ ਚਾਹੁੰਦੇ ਹਨ।
ਨਵੀਂ ਦਿੱਲੀ: ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਸੰਸਦ ਮੈਂਬਰ ਬਿਨੋਏ ਵਿਸ਼ਵਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਭਾਰਤੀ ਜਨ ਖਾਦ ਪ੍ਰਾਜੈਕਟ (ਪੀ.ਐੱਮ.-ਬੀ.ਜੇ.ਪੀ.) ਦੇ ਨਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਸਕੀਮ ਤਹਿਤ ਦਿਤੇ ਜਾਣ ਵਾਲੇ ਖਾਦ ਦੇ ਥੈਲੇ ’ਤੇ ਪ੍ਰਧਾਨ ਮੰਤਰੀ ਦੀ ਤਸਵੀਰ ਹੋਣ ’ਤੇ ਸਵਾਲ ਖੜੇ ਕੀਤੇ ਹਨ।
ਵਿਸ਼ਵਮ ਨੇ ਚਿੱਠੀ ’ਚ ਕਿਹਾ ਕਿ ਕਿਸਾਨ ਖਾਦ ਦੀ ਚੋਣ ’ਚ ਸਪਸ਼ਟਤਾ, ਬਦਲ ਅਤੇ ਪਾਰਦਰਸ਼ਤਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਖਾਦਾਂ ਨੂੰ ਇਕ ਨਾਂ ਹੇਠ ਜੋੜਨ ਦਾ ਤਰਕ ‘ਅਸਪਸ਼ਟ’ ਹੈ। ਸੀ.ਪੀ.ਆਈ. ਸੰਸਦ ਮੈਂਬਰ ਨੇ ਕਿਹਾ, ‘‘ਇਸ ਖੇਤਰ ’ਚ ਜਨਤਕ ਅਤੇ ਨਿੱਜੀ ਖਾਦ ਕੰਪਨੀਆਂ ਦੋਵੇਂ ਕੰਮ ਕਰਦੀਆਂ ਹਨ। ਇਨ੍ਹਾਂ ਸਾਰੀਆਂ ਖਾਦਾਂ ਲਈ ਇਕ ਹੀ ਨਾਂ ਨਾ ਸਿਰਫ਼ ਇਨ੍ਹਾਂ ਕੰਪਨੀਆਂ ਵਲੋਂ ਬਣਾਈ ਗਈ ਪਛਾਣ ਅਤੇ ਮੁੱਲ ਨੂੰ ਕਮਜ਼ੋਰ ਕਰਦਾ ਹੈ, ਸਗੋਂ ਉਨ੍ਹਾਂ ਕਿਸਾਨਾਂ ’ਚ ਵੀ ਭੰਬਲਭੂਸਾ ਪੈਦਾ ਕਰ ਸਕਦਾ ਹੈ ਜੋ ਖਾਸ ਲੋੜਾਂ ਲਈ ਖਾਸ ਉਤਪਾਦਾਂ ’ਤੇ ਨਿਰਭਰ ਕਰਦੇ ਹਨ।’’
ਉਨ੍ਹਾਂ ਕਿਹਾ, ‘‘ਇਸ ਤੋਂ ਇਲਾਵਾ, ਖਾਦ ਦੀਆਂ ਬੋਰੀਆਂ ’ਤੇ ‘ਪੀ.ਐੱਮ.-ਬੀ.ਜੇ.ਪੀ.’ ਨੂੰ ਪ੍ਰਮੁੱਖਤਾ ਨਾਲ ਛਾਪਣ ਦਾ ਫੈਸਲਾ ਹੋਰ ਚਿੰਤਾਵਾਂ ਪੈਦਾ ਕਰਦਾ ਹੈ। ਭਾਰਤੀ ਜਨਤਾ ਪਾਰਟੀ ਦੇ ਨਾਂ ਨਾਲ ਮਿਲਦਾ-ਜੁਲਦਾ ‘ਬੀ.ਜੇ.ਪੀ.’ ਹੋਣ ਨਾਲ ਇਸ ਨੂੰ ਗਲਤ ਸਮਝਿਆ ਜਾ ਸਕਦਾ ਹੈ, ਖਾਸ ਕਰ ਕੇ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ।’’