
‘‘ਸਰਕਾਰ ‘ਆਤਮਨਿਰਭਰ ਭਾਰਤ’ ਦੇ ਨਜ਼ਰੀਏ ਅਨੁਸਾਰ ਫੋਰਸ ਨੂੰ ਸੱਭ ਤੋਂ ਉੱਨਤ ਪਲੇਟਫਾਰਮਾਂ ਨਾਲ ਲੈਸ ਕਰਨ ਲਈ ਵਚਨਬੱਧ ਹੈ
Indian Air Force : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਹਵਾਈ ਫੌਜ ਦੇਸ਼ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ ਸਰਹੱਦਾਂ ’ਚ ਦਾਖਲ ਹੋ ਕੇ ਢੁਕਵਾਂ ਜਵਾਬ ਦੇਣ ’ਚ ਸਮਰੱਥ ਹੈ। ਉਨ੍ਹਾਂ ਕਿਹਾ, ‘‘ਸਰਕਾਰ ‘ਆਤਮਨਿਰਭਰ ਭਾਰਤ’ ਦੇ ਨਜ਼ਰੀਏ ਅਨੁਸਾਰ ਫੋਰਸ ਨੂੰ ਸੱਭ ਤੋਂ ਉੱਨਤ ਪਲੇਟਫਾਰਮਾਂ ਨਾਲ ਲੈਸ ਕਰਨ ਲਈ ਵਚਨਬੱਧ ਹੈ।’’
ਇੱਥੇ ਕੌਮੀ ਜੰਗੀ ਸਮਾਰਕ ਵਿਖੇ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਬਿਹਤਰੀਨ ਪ੍ਰਤਿਭਾ ਨੂੰ ਹਥਿਆਰਬੰਦ ਬਲਾਂ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਉਹ ਸਨਮਾਨ, ਸ਼ਾਨ ਅਤੇ ਰਾਸ਼ਟਰ ਸੇਵਾ ਦੀ ਭਾਵਨਾ ਨਾਲ ਅਪਣਾ ਜੀਵਨ ਬਤੀਤ ਕਰ ਸਕਣ। ਇਹ ਪ੍ਰੋਗਰਾਮ ਭਾਰਤੀ ਹਵਾਈ ਫ਼ੌਜ ਦੀ 92ਵੀਂ ਵਰ੍ਹੇਗੰਢ ਮਨਾਉਣ ਦੇ ਜਸ਼ਨਾਂ ਦਾ ਹਿੱਸਾ ਸੀ।
ਰਾਜਨਾਥ ਸਿੰਘ ਨੇ ‘ਵਾਯੂ ਵੀਰ ਵਿਜੇਤਾ’ ਕਾਰ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ, ਜਿਸ ਨੂੰ 8 ਅਕਤੂਬਰ ਨੂੰ ਲੱਦਾਖ ਦੇ ਥੋਇਸ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਜਾਵੇਗਾ, ਜੋ ਸਮੁੰਦਰ ਤਲ ਤੋਂ 3,068 ਮੀਟਰ ਦੀ ਉਚਾਈ ’ਤੇ ਦੁਨੀਆਂ ਦੇ ਸੱਭ ਤੋਂ ਉੱਚੇ ਹਵਾਈ ਫ਼ੌਜ ਸਟੇਸ਼ਨਾਂ ਵਿਚੋਂ ਇਕ ਹੈ।
ਭਾਰਤੀ ਹਵਾਈ ਫ਼ੌਜ ਦੀ 92ਵੀਂ ਵਰ੍ਹੇਗੰਢ ਮੌਕੇ 8 ਅਕਤੂਬਰ ਨੂੰ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਤਕ 7,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਹ ਰੈਲੀ ਕੀਤੀ ਜਾਵੇਗੀ।
ਰੱਖਿਆ ਮੰਤਰੀ ਨੇ ਕਿਹਾ ਕਿ ਕਾਰ ਰੈਲੀ ਦੌਰਾਨ ਵਾਯੂ ਵੀਰ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਕੂਲਾਂ ਅਤੇ ਕਾਲਜਾਂ ’ਚ ਨੌਜੁਆਨਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਸਮੇਂ ਦੌਰਾਨ ਉਤਸ਼ਾਹੀ ਨੌਜੁਆਨ ਹਥਿਆਰਬੰਦ ਬਲਾਂ ’ਚ ਸ਼ਾਮਲ ਹੋਣ ਅਤੇ ਮਾਣ ਅਤੇ ਸਨਮਾਨ ਦੀ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਹੋਣਗੇ।
ਅਧਿਕਾਰੀਆਂ ਨੇ ਦਸਿਆ ਕਿ ਇਹ ਹਿੱਸਾ ਲੇਹ, ਕਾਰਗਿਲ, ਸ਼੍ਰੀਨਗਰ, ਜੰਮੂ, ਚੰਡੀਗੜ੍ਹ, ਦੇਹਰਾਦੂਨ, ਆਗਰਾ, ਲਖਨਊ, ਗੋਰਖਪੁਰ, ਦਰਭੰਗਾ, ਬਾਗਡੋਗਰਾ, ਹਾਸੀਮਾਰਾ, ਗੁਹਾਟੀ, ਤੇਜਪੁਰ ਅਤੇ ਦਿਰੰਗ ’ਚ ਰੁਕੇਗਾ। ਇਹ ਰੈਲੀ 29 ਅਕਤੂਬਰ ਨੂੰ ਤਵਾਂਗ ’ਚ ਸਮਾਪਤ ਹੋਵੇਗੀ।