
ਵਾਂਗਚੁਕ ਇਕ ਮਹੀਨੇ ਪਹਿਲਾਂ ਤੋਂ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਹਨ ਜੋ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ
Ladakh activist Sonam Wangchuk : ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਅਤੇ ਦਿੱਲੀ ਦੇ ਬਾਰਡਰ ’ਤੇ ਹਿਰਾਸਤ ’ਚ ਲਏ ਗਏ ਹੋਰਾਂ ਨੇ ਮੰਗਲਵਾਰ ਨੂੰ ਉਨ੍ਹਾਂ ਥਾਣਿਆਂ ’ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਨੂੰ ਉਸ ਸਮੇਂ ਹਿਰਾਸਤ ’ਚ ਲਿਆ ਗਿਆ ਜਦੋਂ ਉਹ ਲੱਦਾਖ ਲਈ ਛੇਵੀਂ ਅਨੁਸੂਚੀ ਦੇ ਦਰਜੇ ਦੀ ਮੰਗ ਕਰਦਿਆਂ ਰਾਜਧਾਨੀ ਵਲ ਮਾਰਚ ਕਰ ਰਹੇ ਸਨ।
ਵਾਂਗਚੁਕ ਇਕ ਮਹੀਨੇ ਪਹਿਲਾਂ ਤੋਂ ‘ਦਿੱਲੀ ਚਲੋ ਪੈਦਲ ਯਾਤਰਾ’ ਦੀ ਅਗਵਾਈ ਕਰ ਰਹੇ ਹਨ ਜੋ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਨੂੰ ਅਤੇ ਲੱਦਾਖ ਦੇ ਲਗਭਗ 120 ਹੋਰ ਲੋਕਾਂ ਨੂੰ ਸੋਮਵਾਰ ਰਾਤ ਨੂੰ ਹਿਰਾਸਤ ’ਚ ਲਿਆ ਗਿਆ।
ਇਸ ਮਾਰਚ ਨੂੰ ‘ਲੇਹ ਏਪੈਕਸ ਬਾਡੀ’ ਨੇ ਸ਼ੁਰੂ ਕੀਤਾ ਸੀ, ਜੋ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਨਾਲ ਮਿਲ ਕੇ ਲੱਦਾਖ ਨੂੰ ਸੂਬੇ ਦਾ ਦਰਜਾ ਦੇਣ ਅਤੇ ਇਸ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ, ਲੱਦਾਖ ਲਈ ਲੋਕ ਸੇਵਾ ਕਮਿਸ਼ਨ ’ਚ ਸ਼ਾਮਲ ਕਰਨ ਦੇ ਨਾਲ-ਨਾਲ ਭਰਤੀ ਪ੍ਰਕਿਰਿਆ ਜਲਦੀ ਸ਼ੁਰੂ ਕਰਨ ਅਤੇ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ਲਈ ਵੱਖ-ਵੱਖ ਲੋਕ ਸਭਾ ਸੀਟਾਂ ਦੀ ਮੰਗ ਨੂੰ ਲੈ ਕੇ ਅੰਦੋਲਨ ਦੀ ਅਗਵਾਈ ਕਰ ਰਹੀ ਹੈ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਵਾਂਗਚੁਕ ਅਤੇ ਉਸ ਦੇ ਨਾਲ ਆਏ ਲੋਕਾਂ ਨੂੰ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਦਿੱਲੀ ਸਰਹੱਦ ’ਤੇ ਹਿਰਾਸਤ ’ਚ ਲਿਆ ਗਿਆ ਅਤੇ ਬਵਾਨਾ, ਨਰੇਲਾ ਉਦਯੋਗਿਕ ਖੇਤਰ ਅਤੇ ਅਲੀਪੁਰ ਸਮੇਤ ਵੱਖ-ਵੱਖ ਥਾਣਿਆਂ ’ਚ ਲਿਜਾਇਆ ਗਿਆ।
ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਵਾਪਸ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕੌਮੀ ਰਾਜਧਾਨੀ ’ਚ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 163 (ਜੋ ਪੰਜ ਜਾਂ ਵਧੇਰੇ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਂਦੀ ਹੈ) ਲਾਗੂ ਹੈ, ਪਰ ਉਹ ਜਾਰੀ ਰਹੇ।’’
ਸਮੂਹ ਦੇ ਇਕ ਨੁਮਾਇੰਦੇ ਨੇ ਦਾਅਵਾ ਕੀਤਾ ਕਿ ਵਾਂਗਚੁਕ ਨੂੰ ਬਵਾਨਾ ਥਾਣੇ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਅਪਣੇ ਵਕੀਲਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ ਸੀ। ਨੁਮਾਇੰਦੇ ਨੇ ਕਿਹਾ ਕਿ ਕਾਰਕੁੰਨਾਂ ਅਤੇ ਹੋਰਾਂ ਨੇ ਉਨ੍ਹਾਂ ਥਾਣਿਆਂ ’ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਹੈ।
ਪ੍ਰਤੀਨਿਧੀ ਨੇ ਦਾਅਵਾ ਕੀਤਾ ਕਿ ਵਾਂਗਚੁਕ ਅਤੇ ਸਮੂਹ ਦੇ ਹੋਰ ਮੈਂਬਰਾਂ ਨੇ ਅਧਿਕਾਰਤ ਇਜਾਜ਼ਤ ਮੰਗੀ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਈਮੇਲ ਵੀ ਕੀਤਾ ਸੀ, ਪਰ ਉਸ ਜਾਣਕਾਰੀ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣ ਲਈ ਕੀਤੀ ਗਈ ਸੀ।
ਲੱਦਾਖ ਦੇ ਸੰਸਦ ਮੈਂਬਰ ਮੁਹੰਮਦ ਹਨੀਫਾ ਨੇ ਪੀ.ਟੀ.ਆਈ. ਨੂੰ ਦਸਿਆ ਕਿ ਹਿਰਾਸਤ ’ਚ ਲਏ ਗਏ ਲੋਕਾਂ ’ਚ ਲਗਭਗ 30 ਔਰਤਾਂ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਪੁਰਸ਼ ਕੈਦੀਆਂ ਨਾਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ, ‘‘ਲੱਦਾਖ ਦੇ ਕਈ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਨੂੰ ਵੱਖ-ਵੱਖ ਥਾਣਿਆਂ ’ਚ ਰੱਖਿਆ ਗਿਆ ਹੈ। ਮੈਂ ਉਨ੍ਹਾਂ ’ਚੋਂ ਕੁੱਝ ਨੂੰ ਕੱਲ੍ਹ ਦੇਰ ਰਾਤ ਅਤੇ ਅੱਜ ਸਵੇਰੇ ਮਿਲਿਆ।’’
ਉਨ੍ਹਾਂ ਕਿਹਾ ਕਿ ਮੰਗਲਵਾਰ ਸਵੇਰੇ ਸਿੰਘੂ ਬਾਰਡਰ ’ਤੇ ਮਾਰਚ ’ਚ ਸ਼ਾਮਲ ਹੋਣ ਆਏ ਕਾਰਗਿਲ ਦੇ ਕਰੀਬ 60-70 ਲੋਕਾਂ ਨੂੰ ਵੀ ਦਿੱਲੀ ਪੁਲਿਸ ਨੇ ਰੋਕ ਲਿਆ। ਹਨੀਫਾ ਨੇ ਦਸਿਆ ਕਿ ਕਰੀਬ 30 ਔਰਤਾਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਉਨ੍ਹਾਂ ਨੂੰ ਮਰਦ ਕੈਦੀਆਂ ਦੇ ਨਾਲ ਰੱਖਿਆ ਗਿਆ ਹੈ। ਹਾਲਾਂਕਿ, ਦਿੱਲੀ ਪੁਲਿਸ ਨੇ ਬੀਤੀ ਰਾਤ ਕਿਹਾ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਨਹੀਂ ਲਿਆ ਗਿਆ।