
ਗ੍ਰੀਸ 'ਚ ਵਾਪਰਿਆ ਦਰਦਨਾਕ ਹਾਦਸਾ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ
ਏਥਨਜ਼ - ਤੁਰਕੀ ਤੋਂ ਆ ਰਹੀ ਇੱਕ ਕਿਸ਼ਤੀ ਦੇ ਅਵੀਆ ਅਤੇ ਐਂਡਰੋਸੋ ਟਾਪੂ ਵਿਚਕਾਰ ਪਲਟ ਜਾਣ ਤੋਂ ਬਾਅਦ ਕਿਸ਼ਤੀ 'ਚ ਸਵਾਰ ਦਰਜਨਾਂ ਪ੍ਰਵਾਸੀ ਲਾਪਤਾ ਹਨ। ਘਟਨਾ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਵੱਡੇ ਪੱਧਰ 'ਤੇ ਚਲਾਈ ਜਾ ਰਹੀ ਹੈ।
ਤੱਟ ਰੱਖਿਅਕਾਂ ਨੇ ਕਿਹਾ ਕਿ ਗ੍ਰੀਸ ਦੀ ਰਾਜਧਾਨੀ ਏਥਨਜ਼ ਦੇ ਪੂਰਬ ਵਿੱਚ ਸਥਿਤ ਇਨ੍ਹਾਂ ਦੀਪਾਂ ਦੇ ਕਫ਼ੀਰਾ ਜਲਡਮਰੂ ਦੇ ਇੱਕ ਵੀਰਾਨ ਟਾਪੂ 'ਤੇ 9 ਲੋਕ ਮਿਲੇ ਹਨ। ਸਾਰੇ ਪੁਰਸ਼ ਹਨ। ਤੱਟ ਰੱਖਿਅਕ ਗਸ਼ਤੀ ਕਿਸ਼ਤੀਆਂ ਰਾਹੀਂ ਬਚਾਏ ਗਏ ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਕਿਸ਼ਤੀ ਡੁੱਬੀ ਤਾਂ ਉਸ 'ਚ 68 ਲੋਕ ਸਵਾਰ ਸਨ, ਅਤੇ ਉਹ ਸਾਰੇ ਤੁਰਕੀ ਦੇ ਤੱਟ 'ਤੇ ਇਜਮੀਰ ਤੋਂ ਰਵਾਨਾ ਹੋਏ ਸੀ।
ਅਧਿਕਾਰੀਆਂ ਨੂੰ ਮੰਗਲਵਾਰ ਤੜਕੇ ਇਸ ਘਟਨਾ ਦੀ ਜਾਣਕਾਰੀ ਕਿਸ਼ਤੀ 'ਤੇ ਸਵਾਰ ਯਾਤਰੀਆਂ ਤੋਂ ਮਿਲੀ, ਜਿਨ੍ਹਾਂ ਨੇ ਦੱਸੀ ਕਿ ਉਹ ਮੁਸ਼ਕਿਲ 'ਚ ਸਨ। ਹਾਲਾਂਕਿ ਉਹ ਇਹ ਨਹੀਂ ਦੱਸ ਸਕੇ ਕਿ ਉਹ ਕਿੱਥੇ ਫ਼ਸੇ ਹੋਏ ਹਨ। ਤੱਟ ਰੱਖਿਅਕਾਂ ਨੇ ਕਿਹਾ ਕਿ ਇੱਕ ਹੈਲੀਕਾਪਟਰ, ਇੱਕ ਤੱਟ ਰੱਖਿਅਕ ਕਿਸ਼ਤੀ ਅਤੇ ਨੇੜੇ ਤਾਇਨਾਤ ਦੋ ਜਹਾਜ਼ ਖੋਜ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ।