ਆਸੀਆਨ ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਬਲਾਕ ਦੇ ਸੰਵਾਦ ਭਾਈਵਾਲਾਂ ਦੇ ਸੰਮੇਲਨ ਨੂੰ ਕੀਤਾ ਸੰਬੋਧਨ
ਨਵੀਂ ਦਿੱਲੀ: ਭਾਰਤ ਦਾ ਮੰਨਣਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੁੱਲ੍ਹਾ, ਸੰਮਲਿਤ ਅਤੇ ਕਿਸੇ ਵੀ ਤਰ੍ਹਾਂ ਦੇ ਜ਼ਬਰਦਸਤੀ ਤੋਂ ਮੁਕਤ ਰਹਿਣਾ ਚਾਹੀਦਾ ਹੈ। ਕੁਆਲਾਲੰਪੁਰ ’ਚ ਆਸੀਆਨ ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਅਤੇ ਬਲਾਕ ਦੇ ਸੰਵਾਦ ਭਾਈਵਾਲਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਖੇਤਰ ਦੇ ਹਰ ਦੇਸ਼ ਦੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ‘ਸਮੂਹਿਕ ਸੁਰੱਖਿਆ’ ਦੀ ਪਹੁੰਚ ਉਤੇ ਜ਼ੋਰ ਦਿਤਾ।
ਰੱਖਿਆ ਮੰਤਰੀ ਨੇ ਕਿਹਾ ਕਿ ਸਮੁੰਦਰ ਦੇ ਕਾਨੂੰਨ ਉਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ (ਯੂ.ਐੱਨ.ਸੀ.ਐੱਲ.ਓ.ਐੱਸ.) ਦੀ ਪਾਲਣਾ ਕਰਨ ਅਤੇ ਨੇਵੀਗੇਸ਼ਨ ਅਤੇ ਓਵਰਫਲਾਈਟ ਦੀ ਆਜ਼ਾਦੀ ਲਈ ਸਮਰਥਨ ਉਤੇ ਭਾਰਤ ਦਾ ਜ਼ੋਰ ਕਿਸੇ ਦੇਸ਼ ਦੇ ਵਿਰੁਧ ਨਹੀਂ ਬਲਕਿ ਸਾਰੇ ਖੇਤਰੀ ਹਿੱਸੇਦਾਰਾਂ ਦੇ ਹਿੱਤਾਂ ਦੀ ਰੱਖਿਆ ਲਈ ਹੈ।
ਉਨ੍ਹਾਂ ਦੀ ਇਹ ਟਿਪਣੀ ਕਈ ਆਸੀਆਨ ਮੈਂਬਰ ਦੇਸ਼ਾਂ ਦੇ ਨਾਲ-ਨਾਲ ਲੋਕਤੰਤਰੀ ਦੇਸ਼ਾਂ ਵਲੋਂ ਵਿਵਾਦਪੂਰਨ ਦਖਣੀ ਚੀਨ ਸਾਗਰ ਵਿਚ ਬੀਜਿੰਗ ਦੀ ਵੱਧ ਰਹੀ ਫੌਜੀ ਤਾਕਤ ਦੇ ਮੱਦੇਨਜ਼ਰ ਯੂ.ਐਨ.ਸੀ.ਐਲ.ਓ.ਐਸ. ਦੀ ਪਾਲਣਾ ਕਰਨ ਦੀ ਲਗਾਤਾਰ ਮੰਗ ਦੇ ਵਿਚਕਾਰ ਆਈ ਹੈ।
ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ (ਏ.ਡੀ.ਐੱਮ.ਐੱਮ.-ਪਲੱਸ) ਸੰਮੇਲਨ ’ਚ ਅਪਣੇ ਭਾਸ਼ਣ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਹਮੇਸ਼ਾ ਖੁੱਲ੍ਹੇ, ਸੰਮਲਿਤ ਅਤੇ ਨਿਯਮ ਆਧਾਰਤ ਹਿੰਦ-ਪ੍ਰਸ਼ਾਂਤ ਖੇਤਰ ਉਤੇ ਜ਼ੋਰ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਸੀਆਨ ਦੀ ਅਗਵਾਈ ਵਾਲੇ ਸਮਾਵੇਸ਼ੀ ਖੇਤਰੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਲਈ ਹੈ।
ਉਨ੍ਹਾਂ ਕਿਹਾ, ‘‘ਭਵਿੱਖ ਦੀ ਸੁਰੱਖਿਆ ਸਿਰਫ ਫੌਜੀ ਸਮਰੱਥਾਵਾਂ ਉਤੇ ਨਿਰਭਰ ਨਹੀਂ ਕਰੇਗੀ, ਬਲਕਿ ਸਾਂਝੇ ਸਰੋਤਾਂ ਦੇ ਪ੍ਰਬੰਧਨ, ਡਿਜੀਟਲ ਅਤੇ ਭੌਤਿਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਅਤੇ ਮਾਨਵਤਾਵਾਦੀ ਸੰਕਟਾਂ ਲਈ ਸਮੂਹਿਕ ਪ੍ਰਤੀਕ੍ਰਿਆ ਉਤੇ ਨਿਰਭਰ ਕਰੇਗੀ।’’ ਰਾਜਨਾਥ ਸਿੰਘ ਨੇ ਕਿਹਾ ਕਿ ਏ.ਡੀ.ਐਮ.ਐਮ.-ਪਲੱਸ ਰਣਨੀਤਕ ਗੱਲਬਾਤ ਨੂੰ ਵਿਵਹਾਰਕ ਨਤੀਜਿਆਂ ਨਾਲ ਜੋੜਨ ਅਤੇ ਖੇਤਰ ਨੂੰ ਸ਼ਾਂਤੀ ਅਤੇ ਸਾਂਝੀ ਖੁਸ਼ਹਾਲੀ ਵਲ ਲਿਜਾਣ ਲਈ ਇਕ ਪੁਲ ਹੋ ਸਕਦਾ ਹੈ।
ਉਨ੍ਹਾਂ ਕਿਹਾ, ‘‘ਭਾਰਤ ਇਸ ਢਾਂਚੇ ਵਿਚ ਅਪਣੀ ਭੂਮਿਕਾ ਨੂੰ ਭਾਈਵਾਲੀ ਅਤੇ ਸਹਿਯੋਗ ਦੀ ਭਾਵਨਾ ਦੇ ਨਜ਼ਰੀਏ ਨਾਲ ਦੇਖਦਾ ਹੈ। ਸਾਡੀ ਪਹੁੰਚ ਲੈਣ-ਦੇਣ ਨਹੀਂ ਹੈ, ਬਲਕਿ ਲੰਮੇ ਸਮੇਂ ਅਤੇ ਸਿਧਾਂਤ ਅਧਾਰਤ ਹੈ।’’ ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਨੂੰ ਖੁੱਲਾ, ਸੰਮਲਿਤ ਅਤੇ ਕਿਸੇ ਵੀ ਕਿਸਮ ਦੇ ਜ਼ਬਰਦਸਤੀ ਤੋਂ ਮੁਕਤ ਰਹਿਣਾ ਚਾਹੀਦਾ ਹੈ।’’
ਏ.ਡੀ.ਐਮ.ਐਮ.-ਪਲੱਸ ਵਿਚ 11 ਦੇਸ਼ਾਂ ਦੇ ਆਸੀਆਨ (ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਜ਼) ਅਤੇ ਇਸ ਦੇ ਅੱਠ ਸੰਵਾਦ ਭਾਈਵਾਲ ਭਾਰਤ, ਚੀਨ, ਆਸਟਰੇਲੀਆ, ਜਾਪਾਨ, ਨਿਊਜ਼ੀਲੈਂਡ, ਕੋਰੀਆ ਗਣਰਾਜ, ਰੂਸ ਅਤੇ ਅਮਰੀਕਾ ਸ਼ਾਮਲ ਹਨ। ਰਾਜਨਾਥ ਸਿੰਘ ਨੇ ਕਿਹਾ, ‘‘ਆਓ ਅਸੀਂ ਸਾਰੇ ਮਿਲ ਕੇ ਆਸੀਆਨ ਦੀ ਅਗਵਾਈ ਵਾਲੇ ਖੇਤਰੀ ਸੁਰੱਖਿਆ ਢਾਂਚੇ ਦੀ ਸੁਰੱਖਿਆ ਅਤੇ ਮਜ਼ਬੂਤ ਕਰਨ ਲਈ ਅਪਣੀ ਵਚਨਬੱਧਤਾ ਦੀ ਪੁਸ਼ਟੀ ਕਰੀਏ, ਜਿਸ ਨੇ ਸਾਡੇ ਖੇਤਰ ਦੀ ਬਹੁਤ ਸ਼ਲਾਘਾਯੋਗ ਸੇਵਾ ਕੀਤੀ ਹੈ।’’
