4410 ਕਿਲੋਗ੍ਰਾਮ ਭਾਰ ਹੈ ਸੰਚਾਰ ਉਪਗ੍ਰਹਿ ਦਾ
ਸ਼੍ਰੀਹਰੀਕੋਟਾ: ਇਸਰੋ ਦਾ 4,000 ਕਿਲੋਗ੍ਰਾਮ ਤੋਂ ਵੱਧ ਭਾਰਾ ਸੰਚਾਰ ਉਪਗ੍ਰਹਿ ਸੀ.ਐਮ.ਐਸ.-03 ਐਤਵਾਰ ਨੂੰ ਸ਼੍ਰੀਹਰੀਕੋਟਾ ਦੀ ਪੁਲਾੜ ਬੰਦਰਗਾਹ ਤੋਂ ਲਾਂਚ ਕੀਤਾ ਜਾਵੇਗਾ। ਪੁਲਾੜ ਏਜੰਸੀ ਨੇ ਕਿਹਾ ਕਿ ਲਗਭਗ 4,410 ਕਿਲੋਗ੍ਰਾਮ ਵਜ਼ਨ ਵਾਲਾ ਇਹ ਉਪਗ੍ਰਹਿ ਭਾਰਤ ਦੀ ਧਰਤੀ ਤੋਂ ਲਾਂਚ ਕੀਤਾ ਜਾਣ ਵਾਲਾ ਸੱਭ ਤੋਂ ਭਾਰਾ ਉਪਗ੍ਰਹਿ ਹੋਵੇਗਾ। ਇਹ ਉਪਗ੍ਰਹਿ ਐਲ.ਵੀ.ਐਮ.3-ਐਮ5 ਰਾਕੇਟ ਉਤੇ ਯਾਤਰਾ ਕਰੇਗਾ, ਜਿਸ ਨੂੰ ਇਸ ਦੀ ਹੈਵੀਲਿਫਟ ਸਮਰੱਥਾ ਲਈ ‘ਬਾਹੂਬਲੀ’ ਕਿਹਾ ਜਾਂਦਾ ਹੈ।
ਬੰਗਲੁਰੂ ਸਥਿਤ ਪੁਲਾੜ ਏਜੰਸੀ ਨੇ ਸਨਿਚਰਵਾਰ ਨੂੰ ਕਿਹਾ ਕਿ ਲਾਂਚ ਵਹੀਕਲ ਨੂੰ ਪੂਰੀ ਤਰ੍ਹਾਂ ਨਾਲ ਜੋੜ ਦਿਤਾ ਗਿਆ ਹੈ ਅਤੇ ਪੁਲਾੜ ਜਹਾਜ਼ ਨਾਲ ਏਕੀਕ੍ਰਿਤ ਕਰ ਦਿਤਾ ਗਿਆ ਹੈ ਅਤੇ ਇਸ ਨੂੰ ਪ੍ਰੀ-ਲਾਂਚ ਓਪਰੇਸ਼ਨਾਂ ਲਈ ਇੱਥੇ ਦੂਜੇ ਲਾਂਚ ਪੈਡ ਉਤੇ ਭੇਜ ਦਿਤਾ ਗਿਆ ਹੈ।
43.5 ਮੀਟਰ ਉੱਚਾ ਰਾਕੇਟ ਜਿਸ ਨੂੰ 4,000 ਕਿਲੋਗ੍ਰਾਮ ਤਕ ਭਾਰੀ ਪੇਲੋਡ ਲਿਜਾਣ ਦੀ ਸਮਰੱਥਾ ਲਈ ‘ਬਾਹੂਬਲੀ’ ਕਿਹਾ ਜਾਂਦਾ ਹੈ, 2 ਨਵੰਬਰ ਨੂੰ ਸ਼ਾਮ 5:26 ਵਜੇ ਉਡਾਣ ਭਰੇਗਾ। ਇਸਰੋ ਨੇ ਕਿਹਾ ਕਿ ਐਲ.ਵੀ.ਐਮ. 3 (ਲਾਂਚ ਵਹੀਕਲ ਮਾਰਕ-3) ਇਸਰੋ ਦਾ ਨਵਾਂ ਹੈਵੀ ਲਿਫਟ ਲਾਂਚ ਵਹੀਕਲ ਹੈ ਅਤੇ ਇਸ ਦੀ ਵਰਤੋਂ 4,000 ਕਿਲੋਗ੍ਰਾਮ ਪੁਲਾੜ ਯਾਨ ਨੂੰ ਜੀ.ਟੀ.ਓ. ਵਿਚ ਰੱਖਣ ਲਈ ਕੀਤੀ ਜਾਂਦੀ ਹੈ।
ਪੁਲਾੜ ਏਜੰਸੀ ਨੇ ਇਸ ਤੋਂ ਪਹਿਲਾਂ 5 ਦਸੰਬਰ 2018 ਨੂੰ ਏਰੀਅਨ-5 ਵੀਏ-246 ਰਾਕੇਟ ਰਾਹੀਂ ਫਰੈਂਚ ਗੁਆਨਾ ਦੇ ਕੋਰੂ ਲਾਂਚ ਬੇਸ ਤੋਂ ਅਪਣਾ ਸੱਭ ਤੋਂ ਭਾਰੀ ਸੰਚਾਰ ਉਪਗ੍ਰਹਿ ਜੀਸੈਟ-11 ਲਾਂਚ ਕੀਤਾ ਸੀ। ਲਗਭਗ 5,854 ਕਿਲੋਗ੍ਰਾਮ ਭਾਰ ਵਾਲਾ ਜੀਸੈਟ-11 ਇਸਰੋ ਦਾ ਸੱਭ ਤੋਂ ਭਾਰੀ ਸੈਟੇਲਾਈਟ ਹੈ।
ਇਸਰੋ ਨੇ ਕਿਹਾ ਕਿ ਐਤਵਾਰ ਨੂੰ ਇਸ ਮਿਸ਼ਨ ਦਾ ਉਦੇਸ਼ ਇਹ ਹੈ ਕਿ ਸੀ.ਐਮ.ਐਸ.-03, ਇਕ ਮਲਟੀ-ਬੈਂਡ ਸੰਚਾਰ ਉਪਗ੍ਰਹਿ, ਭਾਰਤੀ ਭੂਮੀ ਸਮੇਤ ਇਕ ਵਿਸ਼ਾਲ ਸਮੁੰਦਰੀ ਖੇਤਰ ਵਿਚ ਸੇਵਾਵਾਂ ਪ੍ਰਦਾਨ ਕਰੇਗਾ।
