ਛੱਤੀਸਗੜ੍ਹ ਦੇ ਗਠਨ ਦੀ 25ਵੀਂ ਵਰ੍ਹੇਗੰਢ ਦੇ ਮੌਕੇ 14,260 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ
ਰਾਏਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਪਿਛਲੇ 11 ਸਾਲਾਂ ’ਚ ਮਾਉਵਾਦੀ ਅਤਿਵਾਦ ਨਾਲ ਪ੍ਰਭਾਵਤ ਜ਼ਿਲ੍ਹਿਆਂ ਦੀ ਗਿਣਤੀ 125 ਤੋਂ ਘਟ ਕੇ ਸਿਰਫ ਤਿੰਨ ਰਹਿ ਗਈ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਨਕਸਲਵਾਦੀ ਖ਼ਤਰੇ ਤੋਂ ਮੁਕਤ ਹੋ ਜਾਵੇਗਾ।
ਛੱਤੀਸਗੜ੍ਹ ’ਚ ਵੱਖ-ਵੱਖ ਸਮਾਗਮਾਂ ’ਚ ਬੋਲਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਹਮੇਸ਼ਾ ਕਿਸੇ ਵੀ ਵਿਸ਼ਵਵਿਆਪੀ ਸੰਕਟ ਦੌਰਾਨ ਸੱਭ ਤੋਂ ਪਹਿਲਾਂ ਮਦਦ ਦਾ ਹੱਥ ਵਧਾਉਣ ਵਾਲੇ ਵਜੋਂ ਅੱਗੇ ਆਇਆ ਹੈ।
ਛੱਤੀਸਗੜ੍ਹ ਦੇ ਗਠਨ ਦੀ 25ਵੀਂ ਵਰ੍ਹੇਗੰਢ ਦੇ ਮੌਕੇ ਉਤੇ ਨਵੇਂ ਰਾਏਪੁਰ ’ਚ ‘ਛੱਤੀਸਗੜ੍ਹ ਰਜਤ ਮਹੋਤਸਵ’ ’ਚ ਅਪਣੇ ਸੰਬੋਧਨ ’ਚ ਮੋਦੀ ਨੇ ਸੂਬੇ ਦੀ ਵਿਕਾਸ ਯਾਤਰਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 25 ਸਾਲ ਪਹਿਲਾਂ ਬੀਜਿਆ ਗਿਆ ਬੀਜ ਵਿਕਾਸ ਦੇ ਬੋਹੜ ਦਾ ਰੁੱਖ ਬਣ ਗਿਆ ਹੈ।
ਮੋਦੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਬਹੁਤ ਸੰਤੁਸ਼ਟ ਹਨ ਕਿ ਛੱਤੀਸਗੜ੍ਹ ਨਕਸਲੀ ਹਿੰਸਾ ਦੇ ਚੁੰਗਲ ਤੋਂ ਮੁਕਤ ਹੋ ਰਿਹਾ ਹੈ, ਜਿਸ ਨੇ ਪੰਜ ਦਹਾਕਿਆਂ ਤੋਂ ਸੂਬੇ ਨੂੰ ਭਾਰੀ ਦੁੱਖ ਝੱਲਿਆ ਹੈ। ਉਨ੍ਹਾਂ ਕਿਹਾ, ‘‘50 ਸਾਲਾਂ ਤੋਂ ਇੱਥੋਂ ਦੇ ਲੋਕਾਂ ਨੂੰ ਅਸਹਿ ਦਰਦ ਝੱਲਣਾ ਪਿਆ (ਨਕਸਲਵਾਦ ਕਾਰਨ)। ਸੰਵਿਧਾਨ ਦਾ ਪ੍ਰਦਰਸ਼ਨ ਕਰਨ ਵਾਲੇ ਅਤੇ ਸਮਾਜਕ ਨਿਆਂ ਦੇ ਨਾਂ ਉਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੇ ਸਵਾਰਥੀ ਹਿੱਤਾਂ ਲਈ ਤੁਹਾਡੇ ਨਾਲ ਬੇਇਨਸਾਫੀ ਕੀਤੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਉਵਾਦੀ ਵਿਚਾਰਧਾਰਾ ਨੇ ਆਦਿਵਾਸੀ ਖੇਤਰਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ।
ਮੋਦੀ ਨੇ ਕਿਹਾ, ‘‘ਸਾਲਾਂ ਤੋਂ, ਆਦਿਵਾਸੀ ਪਿੰਡਾਂ ਵਿਚ ਸੜਕਾਂ, ਸਕੂਲਾਂ ਅਤੇ ਹਸਪਤਾਲਾਂ ਦੀ ਘਾਟ ਸੀ। ਮੌਜੂਦ ਚੀਜ਼ਾਂ ਨੂੰ ਬੰਬਾਂ ਨਾਲ ਉਡਾ ਦਿਤਾ ਗਿਆ ਸੀ। ਡਾਕਟਰਾਂ ਅਤੇ ਅਧਿਆਪਕਾਂ ਦੀ ਮੌਤ ਹੋ ਗਈ। ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤਕ ਦੇਸ਼ ਉਤੇ ਰਾਜ ਕੀਤਾ, ਉਨ੍ਹਾਂ ਨੇ ਅਪਣੇ ਏਅਰ ਕੰਡੀਸ਼ਨਡ ਦਫਤਰਾਂ ’ਚ ਜ਼ਿੰਦਗੀ ਦਾ ਆਨੰਦ ਮਾਣਦੇ ਹੋਏ ਤੁਹਾਨੂੰ ਛੱਡ ਦਿਤਾ।’’
ਮੋਦੀ ਨੇ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ’ਚ ਦਰਜਨਾਂ ਮਾਉਵਾਦੀਆਂ ਨੇ ਦੇਸ਼ ਭਰ ’ਚ ਆਤਮ ਸਮਰਪਣ ਕਰ ਦਿਤਾ ਹੈ, ਜਿਨ੍ਹਾਂ ’ਚ ਕਈਆਂ ਨੇ ਲੱਖਾਂ ਅਤੇ ਕਰੋੜਾਂ ਰੁਪਏ ਦੇ ਇਨਾਮ ਲੈ ਕੇ ਦੇਸ਼ ਭਰ ’ਚ ਆਤਮਸਮਰਪਣ ਕੀਤਾ।
ਛੱਤੀਸਗੜ੍ਹ ਦੇ ਨਵਾ ਰਾਏਪੁਰ ’ਚ ਬ੍ਰਹਮ ਕੁਮਾਰੀਆਂ ਦੇ ਅਧਿਆਤਮਿਕ ਸਿੱਖਿਆ ਅਤੇ ਧਿਆਨ ਲਈ ਸ਼ਾਂਤੀ ਸ਼ਿਖਰ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੰਤਰ ਸੂਬਿਆਂ ਦੇ ਵਿਕਾਸ ਰਾਹੀਂ ਦੇਸ਼ ਦਾ ਵਿਕਾਸ ਯਕੀਨੀ ਬਣਾਉਣਾ ਹੈ।
ਇਸ ਤੋਂ ਪਹਿਲਾਂ ‘ਦਿਲ ਕੀ ਬਾਤ’ ਪ੍ਰੋਗਰਾਮ ਦੇ ਹਿੱਸੇ ਵਜੋਂ, ਮੋਦੀ ਨੇ ਨਵਾ ਰਾਏਪੁਰ ਦੇ ਸ੍ਰੀ ਸੱਤਿਆ ਸਾਈਂ ਸੰਜੀਵਨੀ ਹਸਪਤਾਲ ਵਿਚ ‘ਗਿਫਟ ਆਫ ਲਾਈਫ’ ਸਮਾਰੋਹ ਵਿਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦਾ ਸਫਲਤਾਪੂਰਵਕ ਇਲਾਜ ਕਰਨ ਵਾਲੇ 2,500 ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਵੀ ਮੌਜੂਦ ਸਨ।
ਇਸ ਤੋਂ ਬਾਅਦ ਮੋਦੀ ਨੇ ਛੱਤੀਸਗੜ੍ਹ ਦੇ ਗਠਨ ਦੇ 25 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਲਈ ਰਜਤ ਮਹਾਉਤਸਵ ਵਿਚ ਹਿੱਸਾ ਲਿਆ। ਉਨ੍ਹਾਂ ਨੇ ਸੂਬੇ ਵਿਚ ਸੜਕਾਂ, ਉਦਯੋਗ, ਸਿਹਤ ਸੰਭਾਲ ਅਤੇ ਊਰਜਾ ਵਰਗੇ ਪ੍ਰਮੁੱਖ ਖੇਤਰਾਂ ਵਿਚ 14,260 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਵੀ ਰੱਖਿਆ।
ਮੋਦੀ ਨੇ ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦਾ ਉਦਘਾਟਨ ਵੀ ਕੀਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਤਿੰਨ ਲੱਖ ਲਾਭਪਾਤਰੀਆਂ ਨੂੰ 1,200 ਕਰੋੜ ਰੁਪਏ ਦੀ ਕਿਸਤ ਜਾਰੀ ਕੀਤੀ।
ਮੋਦੀ ਨੇ ਭਾਰਤੀ ਕੌਮੀ ਰਾਜਮਾਰਗ ਅਥਾਰਟੀ ਵਲੋਂ 3,150 ਕਰੋੜ ਰੁਪਏ ਦੀ ਲਾਗਤ ਨਾਲ ਭਾਰਤਮਾਲਾ ਪ੍ਰਾਜੈਕਟ ਦੇ ਤਹਿਤ ਵਿਕਸਤ ਕੀਤੇ ਜਾ ਰਹੇ ਚਾਰ ਮਾਰਗੀ ਗ੍ਰੀਨਫੀਲਡ ਪਥਲਗਾਓਂ-ਕੁਨਕੁਰੀ ਹਾਈਵੇਅ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਬਸਤਰ ਅਤੇ ਨਾਰਾਇਣਪੁਰ ਜ਼ਿਲ੍ਹਿਆਂ ਦੇ ਹਿੱਸਿਆਂ ਵਿਚ ਫੈਲੇ ਨਾਰਾਇਣਪੁਰ-ਕਸਤੂਰਮੇਟਾ-ਕੁਤੁਲ-ਨੀਲੰਗੁਰ-ਮਹਾਰਾਸ਼ਟਰ ਸਰਹੱਦੀ ਹਾਈਵੇਅ ਦਾ ਨੀਂਹ ਪੱਥਰ ਵੀ ਰੱਖਿਆ।
