
ਉਨਾਂ ਨੇ ਆਦਿਲਾਬਾਦ ਦੀ ਇਕ ਮੈਡੀਕਲ ਯੂਨੀਵਰਸਿਟੀ ਤੋਂ 2015 ’ਚ MBBS ਦੀ ਪੜ੍ਹਾਈ ਪੂਰੀ ਕੀਤੀ ਸੀ।
ਹੈਦਰਾਬਾਦ- ਆਪਣੀ ਨਿੱਜੀ ਜ਼ਿੰਦਗੀ ਦੀਆਂ ਚੁਣੌਤੀਆਂ ਨਾਲ ਟੱਕਰ ਲੈਂ ਕੇ 2 ਟਰਾਂਸਜੈਡਰਾਂ ਨੇ ਅਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਤੇਲੰਗਾਨਾ ’ਚ ਪ੍ਰਥਮ ਟਰਾਂਸਜੈਂਡਰ ਡਾਕਟਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਪ੍ਰਾਚੀ ਰਾਠੌੜ ਅਤੇ ਰੂਥ ਜੌਨ ਪੌਲ ਹਾਲ ਹੀ ’ਚ ਮੈਡੀਕਲ ਅਧਿਕਾਰੀਆਂ ਦੇ ਰੂਪ ਵਿਚ ਸਰਕਾਰੀ ਉਸਮਾਨੀਆ ਜਨਰਲ ਹਸਪਤਾਲ ਨਾਲ ਜੁੜੇ। ਰਾਠੌੜ ਨੂੰ ਉਨ੍ਹਾਂ ਦੀ ਲਿੰਗ ਪਛਾਣ ਦੀ ਵਜ੍ਹਾ ਤੋਂ ਸ਼ਹਿਰ ਦੇ ਇਕ ਸੁਪਰ ਸਪੈਸ਼ਲਿਸਟ ਹਸਪਤਾਲ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਉਨਾਂ ਨੇ ਆਦਿਲਾਬਾਦ ਦੀ ਇਕ ਮੈਡੀਕਲ ਯੂਨੀਵਰਸਿਟੀ ਤੋਂ 2015 ’ਚ MBBS ਦੀ ਪੜ੍ਹਾਈ ਪੂਰੀ ਕੀਤੀ ਸੀ।
ਰਾਠੌੜ ਨੇ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਸਮਾਜਿਕ ਦਾਗ ਅਤੇ ਬਚਪਨ ਤੋਂ ਉਨ੍ਹਾਂ ਨਾਲ ਹੁੰਦੇ ਆਏ ਭੇਦਭਾਵ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਤੁਹਾਡੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਭੇਦਭਾਵ ਕਦੇ ਨਹੀਂ ਜਾਂਦਾ। ਤਿੰਨ ਸਾਲ ਤੱਕ ਸ਼ਹਿਰ ਦੇ ਇਕ ਸੁਪਰ ਸਪੈਸ਼ਲਿਸਟ ਹਸਪਤਾਲ ’ਚ ਕੰਮ ਕੀਤਾ ਪਰ ਲਿੰਗ ਪਛਾਣ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਹਸਪਤਾਲ ਨੇ ਮਹਿਸੂਸ ਕੀਤਾ ਕਿ ਇਸ ਦੀ ਵਜ੍ਹਾ ਨਾਲ ਮਰੀਜ਼ਾਂ ਦੀ ਗਿਣਤੀ ਘੱਟ ਸਕਦੀ ਹੈ।
ਰਾਠੌੜ ਮੁਤਾਬਕ ਬਾਅਦ ’ਚ ਇਕ ਗੈਰ-ਸਰਕਾਰੀ ਸੰਗਠਨ ਉਨ੍ਹਾਂ ਦੀ ਮਦਦ ਲਈ ਅੱਗੇ ਆਇਆ ਅਤੇ ਉਨ੍ਹਾਂ ਨੂੰ ਐੱਨ. ਜੀ. ਓ. ਦੇ ਕਲੀਨਿਕ ਵਿਚ ਨੌਕਰੀ ਮਿਲੀ। ਅੱਗੇ ਚਲ ਕੇ ਉਨ੍ਹਾਂ ਨੂੰ ਓ. ਜੀ. ਐੱਚ. ’ਚ ਕੰਮ ਮਿਲਿਆ। ਉਂਝ ਤਾਂ ਉਸ ਨੇ ਬਚਪਨ ਵਿਚ ਡਾਕਟਰ ਬਣਨ ਦਾ ਸੁਫ਼ਨਾ ਵੇਖਿਆ ਸੀ ਪਰ ਜਦੋਂ ਉਹ 11ਵੀਂ-12ਵੀਂ ਜਮਾਤ ’ਚ ਪਹੁੰਚੀ ਤਾਂ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚਿੰਤਾ ਇਸ ਗੱਲ ਨੂੰ ਲੈ ਕੇ ਸੀ ਕਿ ਹੋਰ ਵਿਦਿਆਰਥੀਆਂ ਦੇ ਤਾਹਨਿਆਂ ਨੂੰ ਨਜ਼ਰ ਅੰਦਾਜ਼ ਕਰ ਕੇ ਅੱਗੇ ਕਿਵੇਂ ਵਧਿਆ ਜਾਵੇ। ਉਸ ਨੇ ਭਾਵੁਕ ਹੁੰਦਿਆ ਦੱਸਿਆ ਕਿ ਇਹ ਬਹੁਤ ਮਾੜਾ ਸਮਾਂ ਸੀ।
ਇਕ ਟਰਾਂਸਜੈਂਡਰ ਨੇ ਉਸ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਨੌਕਰੀਆਂ ਅਤੇ ਸਿੱਖਿਆ ’ਚ ਕੁੱਝ ਰਾਖਵਾਂਕਰਨ ਦੇਣ ਨਾਲ ਇਸ ਭਾਈਚਾਰੇ ਨੂੰ ਜੀਵਨ ਵਿਚ ਅੱਗੇ ਵਧਣ ਵਿਚ ਮਦਦ ਮਿਲੇਗੀ। ਜਦੋਂ ਤੁਸੀਂ ਸਾਡੀ ਲਿੰਗ ਪਛਾਣ ਕਾਰਨ ਸਾਨੂੰ ਤੀਜੀ ਸ਼੍ਰੇਣੀ ਵਿਚ ਪਾ ਦਿੱਤਾ ਹੈ, ਤਾਂ ਮੈਂ ਸਰਕਾਰ ਅਤੇ ਸਾਡੇ ਨਾਲ ਵਿਤਕਰਾ ਕਰਨ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਪਹਿਲੀ ਅਤੇ ਦੂਜੀ ਸ਼੍ਰੇਣੀ ਕੀ ਹੈ।