
ਕੇਂਦਰ ਵੱਲੋਂ ਰੇਡੀਓ ਚੈਨਲਾਂ ਨੂੰ ਨਵੇਂ ਨਿਰਦੇਸ਼ ਜਾਰੀ
ਨਵੀਂ ਦਿੱਲੀ: ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੀ ਸਮੱਗਰੀ ਨਾਲ ਸਬੰਧਤ ਗੀਤ ਹੁਣ ਐਫਐਮ ਰੇਡੀਓ 'ਤੇ ਨਹੀਂ ਸੁਣੇ ਜਾਣਗੇ। ਦਰਅਸਲ ਕੇਂਦਰ ਸਰਕਾਰ ਨੇ ਐਫਐਮ ਰੇਡੀਓ ਚੈਨਲਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਜਾਂ ਹੋਰ ਸਮੱਗਰੀ ਦਾ ਪ੍ਰਸਾਰਣ ਨਾ ਕਰਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਦੇ ਲਈ ਐਫਐਮ ਰੇਡੀਓ ਚੈਨਲਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ।
ਮੰਤਰਾਲੇ ਨੇ ਆਪਣੇ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਅਤੇ ਸ਼ਰਾਬ, ਡਰੱਗਜ਼, ਬੰਦੂਕ ਸੱਭਿਆਚਾਰ ਸਮੇਤ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਕਿਸੇ ਵੀ ਸਮੱਗਰੀ ਦਾ ਪ੍ਰਸਾਰਣ ਨਾ ਕਰੋ। ਸਰਕਾਰ ਵੱਲੋਂ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਦੀ ਸੂਰਤ ਵਿਚ ਗ੍ਰਾਂਟ ਆਫ ਪਰਮਿਸ਼ਨ ਐਗਰੀਮੈਂਟ (ਜੀਓਪੀਏ) ਅਤੇ ਮਾਈਗ੍ਰੇਸ਼ਨ ਗ੍ਰਾਂਟ ਆਫ ਪਰਮਿਸ਼ਨ ਵਿਚ ਨਿਰਧਾਰਤ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਮੰਤਰਾਲੇ ਨੇ ਕੁਝ ਐਫਐਮ ਚੈਨਲਾਂ 'ਤੇ ਸ਼ਰਾਬ, ਨਸ਼ੀਲੇ ਪਦਾਰਥਾਂ, ਹਥਿਆਰਾਂ, ਗੈਂਗਸਟਰਾਂ ਅਤੇ ਬੰਦੂਕ ਸੱਭਿਆਚਾਰ ਦੀ ਵਡਿਆਈ ਕਰਨ ਵਾਲੇ ਗਾਣੇ ਜਾਂ ਪ੍ਰਸਾਰਣ ਸਮੱਗਰੀ ਦਾ ਪ੍ਰਸਾਰਣ ਕੀਤੇ ਜਾਣ ਤੋਂ ਬਾਅਦ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀ ਸਮੱਗਰੀ ਨਵੀਂ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਬੰਦੂਕ ਸੱਭਿਆਚਾਰ ਨੂੰ ਜਨਮ ਦਿੰਦੀ ਹੈ।
ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਅਜਿਹੀ ਸਮੱਗਰੀ ਆਲ ਇੰਡੀਆ ਰੇਡੀਓ ਪ੍ਰੋਗਰਾਮ ਕੋਡ ਦੀ ਉਲੰਘਣਾ ਕਰਦੀ ਹੈ ਅਤੇ ਕੇਂਦਰ ਸਰਕਾਰ ਨੂੰ ਇਜਾਜ਼ਤ ਮੁਅੱਤਲ ਕਰਨ ਅਤੇ ਪ੍ਰਸਾਰਣ ਦੀ ਮਨਾਹੀ ਸਮੇਤ ਪਾਬੰਦੀਆਂ ਲਗਾਉਣ ਦਾ ਅਧਿਕਾਰ ਹੈ।