
ਸਿਹਤਮੰਦ ਮੁਕਾਬਲੇ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਮੈਰਿਟ ਸੂਚੀ ਜਾਰੀ ਕਰਨਾ ਪਹਿਲਾਂ ਹੀ ਹੈ ਬੰਦ
ਨਵੀਂ ਦਿੱਲੀ, 1 ਦਸੰਬਰ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁਕਰਵਾਰ ਨੂੰ ਕਿਹਾ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ’ਚ ਹੁਣ ਕੋਈ ਡਿਵੀਜ਼ਨ (ਸ਼੍ਰੇਣੀ) ਜਾਂ ਡਿਸਟਿੰਕਸ਼ਨ (ਵਿਸ਼ੇਸ਼ ਯੋਗਤਾ) ਨਹੀਂ ਹੋਵੇਗਾ।
ਸੀ.ਬੀ.ਐੱਸ.ਈ. ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ, ‘‘ਕੁਲ ਮਿਲਾ ਕੇ ਕੋਈ ਡਿਵੀਜ਼ਨ, ਡਿਸਟਿੰਕਸ਼ਨ ਜਾਂ ਪ੍ਰਾਪਤ ਅੰਕ ਨਹੀਂ ਦਿਤੇ ਜਾਣਗੇ। ਜੇ ਕਿਸੇ ਉਮੀਦਵਾਰ ਨੇ ਪੰਜ ਤੋਂ ਵੱਧ ਵਿਸ਼ਿਆਂ ’ਚ ਇਮਤਿਹਾਨ ਦਿਤਾ ਹੈ, ਤਾਂ ਦਾਖਲਾ ਸੰਸਥਾ ਜਾਂ ਰੁਜ਼ਗਾਰਦਾਤਾ ਉਸ ਲਈ ਸਭ ਤੋਂ ਵਧੀਆ ਪੰਜ ਵਿਸ਼ਿਆਂ ’ਤੇ ਵਿਚਾਰ ਕਰਨ ਦਾ ਫੈਸਲਾ ਕਰ ਸਕਦਾ ਹੈ।’’
ਭਾਰਦਵਾਜ ਨੇ ਕਿਹਾ ਕਿ ਬੋਰਡ ਅੰਕ ਫ਼ੀ ਸਦੀ ਦੀ ਗਿਣਤੀ, ਐਲਾਨ ਜਾਂ ਸੂਚਿਤ ਨਹੀਂ ਕਰਦਾ। ਜੇ ਉੱਚ ਸਿੱਖਿਆ ਜਾਂ ਰੁਜ਼ਗਾਰ ਲਈ ਅੰਕਾਂ ਦੀ ਫ਼ੀ ਸਦੀ ਦੀ ਲੋੜ ਹੈ, ਤਾਂ ਗਿਣਤੀ ਦਾਖਲਾ ਸੰਸਥਾ ਜਾਂ ਰੁਜ਼ਗਾਰਦਾਤਾ ਵਲੋਂ ਕੀਤੀ ਜਾ ਸਕਦੀ ਹੈ।’’ ਇਸ ਤੋਂ ਪਹਿਲਾਂ ਸੀ.ਬੀ.ਐੱਸ.ਈ. ਨੇ ਸਿਹਤਮੰਦ ਮੁਕਾਬਲੇ ਨੂੰ ਬਣਾਈ ਰੱਖਣ ਦੇ ਮੱਦੇਨਜ਼ਰ ਮੈਰਿਟ ਸੂਚੀ ਜਾਰੀ ਕਰਨ ਨੂੰ ਵੀ ਬੰਦ ਕਰ ਦਿਤਾ ਸੀ।