
ਪਰੇਡ ਵਿੱਚ 16 ਸੂਬਿਆਂ ਦੀ ਵਿਖੇਗੀ ਝਾਕੀ
ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੇਡ ਵਿੱਚ ਪੱਛਮੀ ਬੰਗਾਲ ਦੀ ਝਾਕੀ ਵੇਖਣ ਨੂੰ ਨਹੀਂ ਮਿਲੇਗੀ। ਪਰੇਡ ਵਿੱਚ ਦੇਸ਼ ਦੇ 16 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਛੇ ਮੰਤਰਾਲਿਆਂ/ਵਿਭਾਗਾਂ ਦੀਆਂ ਝਾਕੀਆਂ ਵੇਖਣ ਨੂੰ ਮਿਲਣਗੀਆਂ। ਪੱਛਮੀ ਬੰਗਾਲ ਦੇ ਆਉਣ ਵਾਲੇ ਗਣਤੰਤਰ ਦਿਵਸ ਪਰੇਡ ਦੀ ਝਾਂਕੀ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ
ਦੱਸ ਦਈਏ ਕੇਂਦਰ ਸਰਕਾਰ ਦੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਕੇਂਦਰ ਸਰਕਾਰ ਵਿਰੁੱਧ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਜ਼ੋਰਦਾਰ ਰੋਸ ਪ੍ਰਦਰਸ਼ਨਾਂ ਕਰ ਰਹੇ ਹਨ। ਇਸੇ ਲਈ ਉਨ੍ਹਾਂ ਦੇ ਸੂਬੇ ਦੀ ਝਾਕੀ ਨੂੰ ਐਤਕੀਂ ਗਣਤੰਤਰ ਦਿਵਸ–2020 ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਪੱਛਮੀ ਬੰਗਾਲ ਸਰਕਾਰ ਦੀ ਝਾਕੀ ਦੀ ਤਜਵੀਜ਼ ਦਾ ਨਿਰੀਖਣ ਮਾਹਿਰਾਂ ਦੀ ਕਮੇਟੀ ਵੱਲੋਂ ਕੀਤਾ ਗਿਆ ਸੀ। ਉਸ ਕਮੇਟੀ ਦੀ ਮੀਟਿੰਗ ਦੇ ਦੋ ਗੇੜ ਹੋਏ ਸਨ। ਬੁਲਾਰੇ ਮੁਤਾਬਕ ਕਮੇਟੀ ਨੇ ਥੀਮ, ਧਾਰਨਾ, ਡਿਜ਼ਾਇਨ ਤੇ ਉਸ ਨੂੰ ਵੇਖ ਕੇ ਪੈਣ ਵਾਲੇ ਪ੍ਰਭਾਵ ਦੇ ਆਧਾਰ ਉੱਤੇ ਤਜਵੀਜ਼ਾਂ ਦਾ ਨਿਰੀਖਣ ਕੀਤਾ ਜਾਂਦਾ ਹੈ ਤੇ ਉਸੇ ਮੁਤਾਬਕ ਸਿਫ਼ਾਰਸ਼ਾਂ ਵੀ ਕੀਤੀਆਂ ਜਾਂਦੀਆਂ ਹਨ।
ਬੁਲਾਰੇ ਮੁਤਾਬਕ ਕੁਝ ਸਮੇਂ ਦੀ ਘਾਟ ਕਾਰਨ ਇਸ ਵਾਰ ਸੀਮਤ ਗਿਣਤੀ ਵਿੱਚ ਹੀ ਝਾਕੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਹਤਰੀਨ ਝਾਕੀਆਂ ਨੂੰ ਹੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਦੇਸ਼ ਦੇ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ 24 ਮੰਤਰਾਲਿਆਂ/ਵਿਭਾਗਾਂ ਤੋਂ 32 ਝਾਕੀਆਂ ਦੀਆਂ ਤਜਵੀਜ਼ਾ ਸਮੇਤ ਕੁੱਲ 56 ਅਜਿਹੀਆਂ ਤਜਵੀਜ਼ਾਂ ਗਣਤੰਤਰ ਦਿਵਸ–2020 ਦੀ ਪਰੇਡ ਲਈ ਮਿਲੀਆਂ ਸਨ।
ਉਨ੍ਹਾਂ ਦੀ ਪਰਖ ਲਈ ਪੰਜ ਮੀਟਿੰਗਾਂ ਕੀਤੀਆਂ ਗਈਆਂ ਤੇ ਉਨ੍ਹਾਂ ਵਿੱਚੋਂ ਕੁੱਲ 22 ਤਜਵੀਜ਼ਾਂ ਛਾਂਟੀਆਂ ਗਈਆਂ ਸਨ। ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਐੱਮਪੀ ਸੌਗਾਤੋ ਰਾਏ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਨੂੰ ਗਣਤੰਤਰ ਦਿਵਸ ਦੀ ਪਰੇਡ ’ਚੋਂ ਬਾਹਰ ਰੱਖਣਾ ਸਰਾਸਰ ਵਿਤਕਰਾ ਹੈ। ਪੱਛਮੀ ਬੰਗਾਲ ਦੀ ਇੰਨੀ ਅਮੀਰ ਵਿਰਾਸਤ ਹੈ ਤੇ ਉਸ ਨੂੰ ਬਾਹਰ ਰੱਖਣਾ ਮੋਦੀ–ਸ਼ਾਹ ਦੋਵਾਂ ਦੇ ਪੱਖਪਾਤ ਨੂੰ ਉਜਾਗਰ ਕਰਦਾ ਹੈ।