
2023-24 ’ਚ ਬਹੁਤ ਖਰਾਬ ਮੌਸਮ ਦੀਆਂ ਘਟਨਾਵਾਂ ਨੇ ਬਾਗਬਾਨੀ ਉਤਪਾਦਕ ਸੂਬਿਆਂ ’ਚ ਫਸਲਾਂ ਨੂੰ ਨੁਕਸਾਨ
ਨਵੀਂ ਦਿੱਲੀ : ਸਰਕਾਰ ਨੇ ਅਪਣੇ ਤਾਜ਼ਾ ਆਰਥਕ ਸਰਵੇਖਣ ’ਚ ਕਿਹਾ ਹੈ ਕਿ ਪਿਛਲੇ ਦੋ ਸਾਲਾਂ ’ਚ ਬਾਕੀ ਦੁਨੀਆ ਤੋਂ ਉਲਟ ਭਾਰਤ ’ਚ ਖੁਰਾਕ ਮਹਿੰਗਾਈ ਦਰ ਮਜ਼ਬੂਤ ਰਹੀ ਹੈ, ਜਿਸ ਦਾ ਇਕ ਕਾਰਨ ਖ਼ਰਾਬ ਮੌਸਮ ਵੀ ਹੈ।ਸ਼ੁਕਰਵਾਰ ਨੂੰ ਸੰਸਦ ’ਚ ਪੇਸ਼ ਕੀਤੀ ਗਈ ਰੀਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਦੋ ਸਾਲਾਂ ’ਚ ਪਿਆਜ਼ ਅਤੇ ਟਮਾਟਰ ਦੇ ਉਤਪਾਦਨ ’ਚ ਆਈ ਗਿਰਾਵਟ ਦਾ ਕੁੱਝ ਕਾਰਨ ਪ੍ਰਮੁੱਖ ਉਤਪਾਦਕ ਸੂਬਿਆਂ ’ਚ ਬਹੁਤ ਖ਼ਰਾਬ ਮੌਸਮ ਨੂੰ ਮੰਨਿਆ ਜਾ ਸਕਦਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ 2023-24 ’ਚ ਬਹੁਤ ਖਰਾਬ ਮੌਸਮ ਦੀਆਂ ਘਟਨਾਵਾਂ ਨੇ ਬਾਗਬਾਨੀ ਉਤਪਾਦਕ ਸੂਬਿਆਂ ’ਚ ਫਸਲਾਂ ਨੂੰ ਨੁਕਸਾਨ ਪਹੁੰਚਾਇਆ, ਜਿਸ ਨਾਲ ਬਾਗਬਾਨੀ ਜਿਣਸਾਂ ’ਤੇ ਮਹਿੰਗਾਈ ਦਾ ਦਬਾਅ ਵਧਿਆ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ’ਚ ਭਾਰਤ ਦੀ ਖੁਰਾਕ ਮਹਿੰਗਾਈ ਦਰ ਸਥਿਰ ਜਾਂ ਘਟਦੀ ਖੁਰਾਕ ਮਹਿੰਗਾਈ ਦੇ ਆਲਮੀ ਰੁਝਾਨਾਂ ਤੋਂ ਵੱਖਰੀ ਰਹੀ ਹੈ। ਇਸ ਦੇ ਕਾਰਨਾਂ ’ਚ ਖਰਾਬ ਮੌਸਮ ਕਾਰਨ ਸਪਲਾਈ ਚੇਨ ’ਚ ਰੁਕਾਵਟਾਂ ਅਤੇ ਕੁੱਝ ਭੋਜਨ ਪਦਾਰਥਾਂ ਦੀ ਕਟਾਈ ’ਚ ਕਮੀ ਵਰਗੇ ਕਾਰਕ ਹੋ ਸਕਦੇ ਹਨ।
ਰੀਪੋਰਟ ’ਚ ਕਿਹਾ ਗਿਆ ਹੈ ਕਿ 2022 ਤੋਂ 2024 ਦਰਮਿਆਨ 18 ਫੀ ਸਦੀ ਦਿਨ ਲੂ ਦਰਜ ਕੀਤੀ ਗਈ, ਜਦਕਿ 2020 ਅਤੇ 2021 ’ਚ ਇਹ 5 ਫੀ ਸਦੀ ਸੀ।
ਆਰਥਕ ਸਰਵੇਖਣ ’ਚ ਮੰਨਿਆ ਗਿਆ ਹੈ ਕਿ ਭੂ-ਸਿਆਸੀ ਟਕਰਾਅ ਅਤੇ ਮੌਸਮ ਵਰਗੇ ਹਾਲ ਹੀ ਦੇ ਝਟਕਿਆਂ ਕਾਰਨ ਕੀਮਤਾਂ ’ਚ ਉਤਰਾਅ-ਚੜ੍ਹਾਅ ਹੋਇਆ ਹੈ ਪਰ ਉਨ੍ਹਾਂ ਦਾ ਅਸਰ ਹੁਣ ਘੱਟ ਹੋ ਗਿਆ ਹੈ, ਜਿਸ ਨਾਲ ਵਸਤੂਆਂ ਦੀਆਂ ਕੀਮਤਾਂ ’ਚ ਹੋਰ ਬਦਲਾਅ ਆਇਆ ਹੈ।
ਸਨਿਚਰਵਾਰ ਨੂੰ, ਸਰਕਾਰ ਨੇ ਦਾਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਛੇ ਸਾਲਾਂ ਦੇ ਮਿਸ਼ਨ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਵਿਆਪਕ ਤੌਰ ’ਤੇ ਖਪਤ ਕੀਤੀਆਂ ਜਾਣ ਵਾਲੀਆਂ ਤਿੰਨ ਕਿਸਮਾਂ - ਅਰਹਰ, ਉੜਦ ਅਤੇ ਮਸੂਰ ’ਚ ਆਤਮ ਨਿਰਭਰਤਾ ਪ੍ਰਾਪਤ ਕਰਨਾ ਹੈ।