
ਬਰਤਾਨੀਆ ਦੀ ਪਾਰਲੀਮੈਂਟ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੇ ਮਨ ਵਿਚ ਗੁੱਸਾ 'ਤੇ ਰੋਸ ਹੈ ਕਿ
ਚੰਡੀਗੜ੍ਹ, 29 ਜੁਲਾਈ (ਜੀ.ਸੀ. ਭਾਰਦਵਾਜ) : ਬਰਤਾਨੀਆ ਦੀ ਪਾਰਲੀਮੈਂਟ ਵਿਚ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਇੰਗਲੈਂਡ ਵਿਚ ਵਸਦੇ ਪੰਜਾਬੀਆਂ ਦੇ ਮਨ ਵਿਚ ਗੁੱਸਾ 'ਤੇ ਰੋਸ ਹੈ ਕਿ 1984 'ਚ ਦਰਬਾਰ ਸਾਹਿਬ ਉਪਰ ਕੀਤੇ ਹਮਲੇ (ਬਲੂ ਸਟਾਰ ਆਪ੍ਰੇਸ਼ਨ) ਮੌਕੇ ਉਸ ਵੇਲੇ ਦੀ ਮਾਰਗਰੇਟ ਥੈਚਰ ਸਰਕਾਰ ਨੇ ਭਾਰਤ ਸਰਕਾਰ ਨੂੰ ਸਲਾਹ-ਮਸ਼ਵਰਾ ਜਾਂ ਮਦਦ ਦੇ ਕੇ ਸਿੱਖਾਂ ਦੇ ਹਿਰਦਿਆਂ ਨੂੰ ਕਿਉਂ ਵਲੂੰਧਰਿਆ?
ਅਪਣੇ 10 ਦਿਨਾਂ ਦੇ ਪੰਜਾਬ ਦੌਰੇ ਦੌਰਾਨ ਫਗਵਾੜਾ ਨੇੜਲੇ ਪਿੰਡ ਰਾਏਪੁਰ ਦੇ ਤਨਮਨਜੀਤ ਸਿੰਘ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਉਨ੍ਹਾਂ ਦੀ ਲੇਬਰ ਪਾਰਟੀ ਜੋ ਵਿਰੋਧੀ ਧਿਰ ਵਿਚ ਹੈ, ਅਜੇ ਵੀ ਮੰਗ ਕਰ ਰਹੀ ਹੈ ਕਿ 33 ਸਾਲ ਪਹਿਲਾਂ ਇੰਗਲੈਂਡ ਸਰਕਾਰ ਵਲੋਂ ਦਿਤੀ ਸਲਾਹ ਬਾਰੇ ਦਸਤਾਵੇਜ਼ ਸਪੱਸ਼ਟ ਰੂਪ ਵਿਚ ਜਨਤਕ ਕੀਤੇ ਜਾਣ ਤਾਕਿ ਸਿੱਖ ਕੌਮ ਨੂੰ ਪੂਰਾ ਪਤਾ ਲੱਗ ਸਕੇ ਕਿ ਦੋਸ਼ੀ ਕੌਣ ਸੀ? ਉਨ੍ਹਾਂ ਕਿਹਾ ਕਿ ਮੈਂ ਖ਼ੁਦ ਅਤੇ ਹੋਰ ਸਾਥੀ ਐਮਪੀ ਸਮੇਂ-ਸਮੇਂ ਸਿਰ ਪਾਰਲੀਮੈਂਟ ਵਿਚ ਅਤੇ ਬਾਹਰ ਵੀ ਮੰਗ ਕਰਦੇ ਰਹਿੰਦੇ ਹਾਂ ਕਿ ਆਜ਼ਾਦਾਨਾ ਤੌਰ 'ਤੇ ਇਸ ਸਲਾਹ-ਮਸ਼ਵਰੇ ਸਬੰਧੀ ਜਾਂਚ ਹੋਵੇ, ਫ਼ਾਈਲਾਂ ਲੋਕਾਂ ਨੂੰ ਵਿਖਾਈਆਂ ਜਾਣ ਅਤੇ ਜੇ ਇੰਗਲੈਂਡ ਸਰਕਾਰ ਨੇ ਗ਼ਲਤੀ ਕੀਤੀ ਹੈ ਤਾਂ ਮੁਆਫ਼ੀ ਮੰਗੀ ਜਾਵੇ। ਤਨਮਨਜੀਤ ਸਿੰਘ ਨੇ ਦਸਿਆ ਕਿ ਚੋਣ ਮੈਨੀਫ਼ੈਸਟੋ ਵਿਚ ਸਾਡੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇ ਸਾਡੀ ਪਾਰਟੀ ਦੀ ਸਰਕਾਰ ਬਣਦੀ ਤਾਂ ਇਹ ਪੜਤਾਲ ਜ਼ਰੂਰ ਕਰਾਉਣੀ ਸੀ।
ਬਰਤਾਨੀਆ ਦੀ ਧਰਤੀ ਤੋਂ ਸਿੱਖ ਗਰਮ ਦਲੀਆਂ ਵਲੋਂ ਵਿਸ਼ੇਸ਼ ਕਰ ਕੇ ਖ਼ਾਲਿਸਤਾਨੀ ਸੋਚ ਦੇ ਲੀਡਰਾਂ ਤੇ ਸਿੱਖਾਂ ਵਲੋਂ ਭਾਰਤ ਵਿਰੁਧ ਕੀਤੇ ਜਾ ਰਹੇ ਪ੍ਰਚਾਰ ਬਾਰੇ ਸਿੱਖ ਐਮਪੀ ਨੇ ਸਪੱਸ਼ਟ ਕੀਤਾ ਕਿ ਉਥੋਂ ਦੀ ਸਰਕਾਰ ਇਨ੍ਹਾਂ ਅਨਸਰਾਂ ਨੂੰ ਸ਼ਹਿ ਨਹੀਂ ਦੇ ਰਹੀ, ਸਗੋਂ ਉਹ ਤਾਂ ਖ਼ੁਦ ਆਇਰਲੈਂਡ ਤੇ ਸਕਾਟਲੈਂਡ ਦੇ ਅਤਿਵਾਦੀਆਂ ਦਾ ਟਾਕਰਾ ਕਰ ਰਹੀ ਹੈ ਪਰ ਤਨਮਨਜੀਤ ਸਿੰਘ ਢੇਸੀ ਨੇ ਤਰਕ ਦਿਤਾ ਕਿ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਸ਼ਾਂਤਮਈ ਢੰਗ ਨਾਲ ਕਿਸੇ ਵੀ ਸਰਕਾਰ ਦੀ ਆਲੋਚਨਾ ਕਰਨਾ ਜਾਂ ਵਖਰੀ ਸੋਚ ਰਖਣਾ ਤਾਂ ਭਾਰਤ ਤੇ ਇੰਗਲੈਂਡ ਵਿਚ ਪ੍ਰਜਾਤੰਤਰੀ ਹੱਕ ਹੈ। ਉਨ੍ਹਾਂ ਕਿਹਾ ਕਿ ਖਿਆਲਾਂ ਤੇ ਵਿਚਾਰਾਂ ਦੀ ਆਜ਼ਾਦੀ ਦੋਹਾਂ ਦੇਸ਼ਾਂ ਵਿਚ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਈ ਗੁਪਤ ਫ਼ਾਈਲਾਂ ਤੇ ਦਸਤਾਵੇਜ਼ ਲੁਕੋ ਲਏ ਸਨ, ਕਈ ਸਾਲਾਂ ਤੋਂ ਉਠੀ ਜਾਂਚ ਦੀ ਮੰਗ 'ਤੇ ਮਾਮੂਲੀ ਜਿਹੀ ਕੀਤੀ ਪੜਤਾਲ 'ਤੇ ਪੋਚਾ ਪਾਚੀ ਕਰ ਦਿਤੀ ਗਈ ਜਿਸ ਕਰ ਕੇ ਉਥੇ ਅਜੇ ਵੀ ਸਰਕਾਰ ਵਿਰੁਧ ਗੁੱਸਾ, ਰੋਸ ਅਤੇ ਬੇਭਰੋਸਗੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਨਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਸਪੱਸ਼ਟ ਨਹੀਂ ਕੀਤਾ ਕਿ ਇੰਗਲੈਂਡ ਸਰਕਾਰ ਨੇ 33 ਸਾਲ ਪਹਿਲਾਂ ਗੁਪਤ ਢੰਗ ਨਾਲ ਇਹ ਮਸ਼ਵਰਾ ਕਿਉਂ ਦਿਤਾ?
ਪੰਜਾਬ ਤੋਂ ਜਾ ਰਹੇ ਨੌਜਵਾਨਾਂ, ਮਾਪਿਆਂ ਅਤੇ ਹੋਰ ਵਰਗ ਦੇ ਲੋਕਾਂ ਲਈ ਕਾਨੂੰਨ ਵਿਚ ਕੀਤੀ ਜਾ ਰਹੀ ਸਖ਼ਤੀ ਜਾਂ ਦੇਰੀ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ, ਪੰਜਾਬੀ ਪ੍ਰਵਾਸੀਆਂ ਦੇ ਹੱਕ ਵਿਚ ਆਵਾਜ਼ ਉਠਾ ਰਹੀ ਹੈ ਅਤੇ ਇੰਗਲੈਂਡ ਸਰਕਾਰ 'ਤੇ ਦਬਾਅ ਪਾਉਂਦੀ ਰਹੇਗੀ ਕਿ ਨਿਯਮਾ ਵਿਚ ਢਿੱਲ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਸਖ਼ਤ ਵਤੀਰੇ ਕਾਰਨ ਹੀ ਹੁਣ ਪੰਜਾਬੀਆਂ ਨੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਤੇ ਹੋਰ ਦੇਸ਼ਾਂ ਵਿਚ ਜਾਣਾ ਸ਼ੁਰੂ ਕਰ ਦਿਤਾ ਹੈ। ਕੌਂਸਲਰ ਤੋਂ ਮੇਅਰ ਅਤੇ ਹੁਣ ਐਮਪੀ ਬਣੇ ਸ. ਢੇਸੀ ਦਾ ਕਹਿਣਾ ਸੀ ਕਿ ਇੰਗਲੈਂਡ ਵਿਚ ਲੋਕ ਇਹ ਵੀ ਆਵਾਜ਼ ਉਠਾ ਰਹੇ ਹਨ ਕਿ ਦੇਸ਼ ਨੂੰ ਅਪਣੀ ਵਖਰੀ ਪਛਾਣ ਕਾਇਮ ਰੱਖਣ ਲਈ ਯੂਰਪੀ ਸੰਘ ਤੋਂ ਅੱਡ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿਚ ਸੱਭ ਤੋਂ ਪੁਰਾਣਾ ਲੋਕਤੰਤਰ ਸਿਸਟਮ ਇੰਗਲੈਂਡ ਵਿਚ ਹੈ ਅਤੇ ਜੇ ਯੂਰਪੀ ਸੰਘ ਤੋਂ ਵੱਖ ਹੋ ਗਏ ਤਾਂ ਉਨ੍ਹਾਂ ਨੂੰ ਫ਼ਾਇਦੇ ਦੀ ਤੁਲਨਾ ਵਿਚ ਨੁਕਸਾਨ ਵਧ ਹੋ ਸਕਦਾ ਹੈ। ਪੰਜਾਬ ਲਈ ਲੋਕ ਭਲਾਈ, ਵਿਕਾਸ ਤੇ ਹੋਰ ਲੋਕ ਹਿੱਤ ਸਕੀਮਾਂ ਸ਼ੁਰੂ ਕਰਨ ਸਬੰਧੀ ਸ. ਢੇਸੀ ਨੇ ਕਿਹਾ ਕਿ ਉਹ ਸਮਾਂ ਕੱਢ ਕੇ ਮੁੱਖ ਮੰਤਰੀ, ਹੋਰ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਜ਼ਰੂਰ ਮਿਲਣਗੇ।