ਪਰਿਵਾਰ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰਨਗੇ। ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਨਹੀਂ ਕਰਨਗੇ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਦਿੱਲੀ ਸ਼ਰਾਬ ਨੀਤੀ ਵਿਚ ਕਥਿਤ ਘੁਟਾਲੇ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਦਰਜ ਕੀਤੇ ਗਏ ਕੇਸ ਵਿਚ ਮਨੀਸ਼ ਸਿਸੋਦੀਆ ਦੀ ਨਿਯਮਤ ਜ਼ਮਾਨਤ ਅਰਜ਼ੀ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹਾਲਾਂਕਿ ਮਨੀਸ਼ ਸਿਸੋਦੀਆ ਨੂੰ ਅਦਾਲਤ ਤੋਂ ਤੁਰੰਤ ਰਾਹਤ ਮਿਲੀ ਹੈ। ਹਾਈ ਕੋਰਟ ਨੇ ਸਿਸੋਦੀਆ ਨੂੰ ਕੱਲ੍ਹ (ਸ਼ਨੀਵਾਰ) ਕੁਝ ਘੰਟਿਆਂ ਲਈ ਅੰਤਰਿਮ ਰਾਹਤ ਦਿਤੀ ਹੈ। ਉਹ ਪੁਲਿਸ ਹਿਰਾਸਤ ਵਿਚ ਆਪਣੀ ਪਤਨੀ ਨੂੰ ਮਿਲ ਸਕਣਗੇ।
ਇਹ ਵੀ ਪੜ੍ਹੋ: ਡਾ. ਬਲਜੀਤ ਕੌਰ ਨੇ ਸਮਾਜਿਕ ਨਿਆਂ ਵਿਭਾਗ ਵਿਚ 25 ਕਲਰਕਾਂ ਨੂੰ ਸੌਪੇ ਨਿਯੁਕਤੀ ਪੱਤਰ
ਦਰਅਸਲ ਮਨੀਸ਼ ਸਿਸੋਦੀਆ ਨੇ ਪਤਨੀ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ 6 ਹਫਤਿਆਂ ਦੀ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ ਪਰ ਈਡੀ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕੀਤਾ। ਈਡੀ ਨੇ ਕਿਹਾ ਸੀ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅੰਤਰਿਮ ਜ਼ਮਾਨਤ ਦੀ ਅਰਜ਼ੀ ਵਾਪਸ ਲੈ ਲਈ ਹੈ। ਹੁਣ ਫਿਰ ਉਸੇ ਆਧਾਰ 'ਤੇ ਅੰਤਰਿਮ ਜ਼ਮਾਨਤ ਦੀ ਮੰਗ ਕਰ ਰਹੇ ਹਨ। ਜਾਂਚ ਏਜੰਸੀ ਦੀ ਤਰਫੋਂ ਕਿਹਾ ਗਿਆ ਸੀ ਕਿ ਸਿਸੋਦੀਆ ਪੁਲਿਸ ਦੀ ਮੌਜੂਦਗੀ ਵਿਚ ਆਪਣੀ ਪਤਨੀ ਨੂੰ ਮਿਲ ਸਕਦੇ ਹਨ।
ਇਹ ਵੀ ਪੜ੍ਹੋ: ਪੁਲਿਸ ਨੇ ਵਿਧਾਇਕ ਕੁੰਵਰ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਮੁਲਜ਼ਮ ਨੂੰ ਕੀਤਾ ਕਾਬੂ
ਇਸ ਮਾਮਲੇ 'ਚ ਅਦਾਲਤ ਨੇ ਸਿਸੋਦੀਆ ਨੂੰ ਭਲਕੇ ਕੁਝ ਘੰਟਿਆਂ ਲਈ ਅੰਤਰਿਮ ਰਾਹਤ ਦਿਤੀ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਸਿਸੋਦੀਆ ਦੀ ਪਤਨੀ ਦੀ ਮੈਡੀਕਲ ਰਿਪੋਰਟ ਕੱਲ੍ਹ ਸ਼ਾਮ ਤੱਕ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਸੰਚਾਰ ਇੰਚਾਰਜ ਵਿਜੇ ਨਾਇਰ ਦੀ ਜ਼ਮਾਨਤ ਅਰਜ਼ੀ 'ਤੇ ਵੀ ਹੁਕਮ ਰਾਖਵਾਂ ਰੱਖ ਲਿਆ ਹੈ।
ਦਿੱਲੀ ਹਾਈਕੋਰਟ ਨੇ ਸ਼ਰਤ ਰੱਖੀ ਹੈ ਕਿ ਅੰਤਰਿਮ ਜ਼ਮਾਨਤ ਦੌਰਾਨ ਮਨੀਸ਼ ਸਿਸੋਦੀਆ ਮੀਡੀਆ ਨਾਲ ਗੱਲ ਨਹੀਂ ਕਰਨਗੇ। ਪਰਿਵਾਰ ਤੋਂ ਇਲਾਵਾ ਕਿਸੇ ਨਾਲ ਗੱਲ ਨਹੀਂ ਕਰਨਗੇ। ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਨਹੀਂ ਕਰਨਗੇ। ਮਨੀਸ਼ ਸਿਸੋਦੀਆ ਨੇ ਆਪਣੀ ਪਤਨੀ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ।