ਚੋਣ ਪ੍ਰਚਾਰ ਲਈ ਸੁਪਰੀਮ ਕੋਰਟ ਨੇ ਦਿਤੀ ਸੀ ਤਿੰਨ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ
Arvind Kejriwal News: ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਰਜ਼ੀ ’ਤੇ ਅਪਣਾ ਫੈਸਲਾ 5 ਜੂਨ ਲਈ ਰਾਖਵਾਂ ਰੱਖ ਲਿਆ ਸੀ।
ਸਰੰਡਰ ਕਰਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ, "ਸੁਪਰੀਮ ਕੋਰਟ ਦੇ ਹੁਕਮਾਂ 'ਤੇ ਮੈਂ 21 ਦਿਨਾਂ ਲਈ ਚੋਣ ਪ੍ਰਚਾਰ ਲਈ ਬਾਹਰ ਆਇਆ ਸੀ, ਮਾਣਯੋਗ ਕੋਰਟ ਦਾ ਬਹੁਤ ਬਹੁਤ ਧੰਨਵਾਦ। ਅੱਜ ਮੈਂ ਤਿਹਾੜ ਜਾਵਾਂਗਾ ਅਤੇ ਆਤਮ ਸਮਰਪਣ ਕਰਾਂਗਾ। ਮੈਂ ਦੁਪਹਿਰ 3 ਵਜੇ ਘਰੋਂ ਨਿਕਲਾਂਗਾ। ਪਹਿਲਾਂ ਰਾਜਘਾਟ ਜਾਵਾਂਗਾ, ਉੱਥੋਂ ਕਨਾਟ ਪਲੇਸ ਸਥਿਤ ਹਨੂੰਮਾਨ ਮੰਦਿਰ ਜਾਵਾਂਗਾ ਅਤੇ ਫਿਰ ਪਾਰਟੀ ਦਫ਼ਤਰ ਵਿਚ ਵਰਕਰਾਂ ਅਤੇ ਪਾਰਟੀ ਆਗੂਆਂ ਨੂੰ ਮਿਲਾਂਗਾ। ਉਥੋਂ ਜੇਲ ਲਈ ਰਵਾਨਾ ਹੋਵਾਂਗਾ। ਸਾਰੇ ਅਪਣਾ ਖ਼ਿਆਲ ਰੱਖਣਾ। ਮੈਨੂੰ ਜੇਲ ਵਿਚ ਤੁਹਾਡੀ ਚਿੰਤਾ ਰਹੇਗੀ। ਤੁਸੀਂ ਖੁਸ਼ ਰਹੋਗੇ ਤਾਂ ਤੁਹਾਡਾ ਕੇਜਰੀਵਾਲ ਜੇਲ ਵਿਚ ਵੀ ਖੁਸ਼ ਰਹੇਗਾ। "
ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੇ ਅਪਣਾ ਫੈਸਲਾ ਸੁਰੱਖਿਅਤ ਰੱਖਦਿਆਂ ਕਿਹਾ ਕਿ ਅਰਜ਼ੀ ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਲਈ ਹੈ ਨਾ ਕਿ ਸੁਪਰੀਮ ਕੋਰਟ ਵਲੋਂ ਦਿਤੀ ਗਈ ਅੰਤਰਿਮ ਜ਼ਮਾਨਤ ਵਧਾਉਣ ਲਈ। ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਨੇ 1 ਜੂਨ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਸੀ। ਉਨ੍ਹਾਂ ਨੂੰ ਐਤਵਾਰ ਨੂੰ ਆਤਮ ਸਮਰਪਣ ਕਰਨਾ ਪਵੇਗਾ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸਨਿਚਰਵਾਰ ਨੂੰ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ।
ਈ.ਡੀ. ਨੇ ਅਦਾਲਤ ਦੇ ਸਾਹਮਣੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਤੱਥਾਂ ਨੂੰ ਲੁਕਾਇਆ ਅਤੇ ਅਪਣੀ ਸਿਹਤ ਸਮੇਤ ਕਈ ਮਾਮਲਿਆਂ ’ਤੇ ਝੂਠੇ ਬਿਆਨ ਦਿਤੇ। ਉਨ੍ਹਾਂ ਵਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦਸਿਆ ਕਿ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ’ਚ ਗੁਮਰਾਹਕੁੰਨ ਦਾਅਵਾ ਕੀਤਾ ਸੀ ਕਿ ਉਹ 2 ਜੂਨ ਨੂੰ ਆਤਮਸਮਰਪਣ ਕਰਨਗੇ। ਕੇਜਰੀਵਾਲ ਨੇ ਸਿਹਤ ਦੇ ਆਧਾਰ ’ਤੇ ਅੰਤਰਿਮ ਜ਼ਮਾਨਤ ਨੂੰ ਇਕ ਹਫ਼ਤੇ ਲਈ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦਸਿਆ ਕਿ ਅਰਵਿੰਦ ਕੇਜਰੀਵਾਲ ਬਿਮਾਰ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।
ਇਸ ’ਤੇ ਈ.ਡੀ. ਨੇ ਕਿਹਾ ਕਿ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਅਪਣੀ ਅੰਤਰਿਮ ਜ਼ਮਾਨਤ ਦੀ ਮਿਆਦ ਦੌਰਾਨ ਪ੍ਰਚਾਰ ਕੀਤਾ ਅਤੇ ਹੁਣ ਉਹ ਅਚਾਨਕ ਦਾਅਵਾ ਕਰ ਰਹੇ ਹਨ ਕਿ ਉਹ ਬਿਮਾਰ ਹਨ। ਅਦਾਲਤ ਨੇ ਅਦਾਲਤ ਨੂੰ ਦਸਿਆ ਕਿ ਜੇ ਕਿਸੇ ਮੈਡੀਕਲ ਟੈਸਟ ਦੀ ਲੋੜ ਪਈ ਤਾਂ ਇਹ ਜੇਲ੍ਹ ਦੇ ਅੰਦਰ ਕੀਤਾ ਜਾਵੇਗਾ ਅਤੇ ਜੇ ਲੋੜ ਪਈ ਤਾਂ ਕੇਜਰੀਵਾਲ ਨੂੰ ਏਮਜ਼ ਜਾਂ ਕਿਸੇ ਹੋਰ ਹਸਪਤਾਲ ਲਿਜਾਇਆ ਜਾਵੇਗਾ।