
ਸਦੀਆਂ ਤੋਂ ਦੁਰਲੱਭ ਕਿਸਮ ਦੇ ਉੱਲੂਆਂ ਦਾ ਬਸੇਰਾ ਰਹੀ ਦਿੱਲੀ ਦਾ ਵਾਤਾਵਰਣ ਪਿਛਲੇ ਕੁੱਝ ਸਾਲਾਂ ਤੋਂ ਖ਼ਰਾਬ ਹੋਣ ਕਾਰਨ ਇਥੋਂ ਰੁਖ਼ਸਤ ਹੋਏ ਉੱਲੂਆਂ ਨੇ ਘਰ ਵਾਪਸੀ...
ਨਵੀਂ ਦਿੱਲੀ, ਸਦੀਆਂ ਤੋਂ ਦੁਰਲੱਭ ਕਿਸਮ ਦੇ ਉੱਲੂਆਂ ਦਾ ਬਸੇਰਾ ਰਹੀ ਦਿੱਲੀ ਦਾ ਵਾਤਾਵਰਣ ਪਿਛਲੇ ਕੁੱਝ ਸਾਲਾਂ ਤੋਂ ਖ਼ਰਾਬ ਹੋਣ ਕਾਰਨ ਇਥੋਂ ਰੁਖ਼ਸਤ ਹੋਏ ਉੱਲੂਆਂ ਨੇ ਘਰ ਵਾਪਸੀ ਦੇ ਹਾਲਾਤ ਠੀਕ ਹੋਣ ਕਾਰਨ ਫਿਰ ਦਿੱਲੀ ਦਾ ਰੁਖ਼ ਕੀਤਾ ਹੈ। ਪ੍ਰਦੂਸ਼ਣ ਅਤੇ ਪੁਨਰਵਾਸ ਦੇ ਸੰਕਟ ਕਾਰਨ ਨਵੇਂ ਟਿਕਾਣੇ ਲੱਭ ਰਹੇ ਪੰਛੀਆਂ ਦੀ ਵਾਪਸੀ ਲਈ ਵਿਭਾਗ ਵਲੋਂ ਚਲਾਈ ਜਾ ਰਹੀ ਮੁਹਿੰਮ ਕਾਰਨ ਦਿੱਲੀ ਐਨਸੀਆਰ ਖੇਤਰ ਵਿਚ ਵੱਖ-ਵੱਖ ਕਿਸਮ ਦੇ ਉੱਲੂਆਂ ਨੇ ਜੰਗਲਾਂ ਵਿਚੋਂ ਵਾਪਸੀ ਕੀਤੀ ਹੈ।
ਪੰਛੀਆਂ ਦੇ ਪੁਨਰਵਾਸ ਨਾਲ ਜੁੜੇ ਮਾਹਰਾਂ ਦੇ ਸੰਗਠਨ 'ਬੰਬੇ ਨੈਚੁਰਲ ਹਿਸਟਰੀ ਸੁਸਾਇਟੀ' (ਬੀਐਨਐਚਐਸ) ਇਸ ਮੁਹਿੰਮ ਵਿਚ ਬਤੌਰ ਸਾਂਝੀਦਾਰ ਅਸੋਲਾ ਭਾਟੀ ਜੰਗਲੀ ਖੇਤਰ ਵਿਚ ਦੁਰਲੱਭ ਕਿਸਮ ਦੇ ਉੱਲੂਆਂ ਦੀ ਵਾਪਸੀ 'ਤੇ ਅਧਿਐਨ ਰੀਪੋਰਟ ਤਿਆਰ ਕਰ ਰਹੀ ਹੈ।ਦਲ ਦੇ ਪ੍ਰਮੁੱਖ ਸੁਹੇਲ ਮਦਨ ਨੇ 'ਭਾਸ਼ਾ' ਨੂੰ ਦਸਿਆ ਕਿ ਦਿੱਲੀ, ਦੇਸ਼ ਦੇ ਉਨ੍ਹਾਂ ਚੋਣਵੇਂ ਖੇਤਰਾਂ ਵਿਚ ਸ਼ਾਮਲ ਹੈ ਜਿਸ ਦੇ ਦਰੱਖਤਾਂ ਦੀਆਂ ਕੋਟਰਾਂ 10 ਕਿਸਮ ਦੇ ਉੱਲੂਆਂ ਦਾ ਬਸੇਰਾ ਹੁੰਦੀ ਸੀ।
ਇਨ੍ਹਾਂ ਵਿਚੋਂ ਅਤਿ ਦੁਰਲੱਭ ਤਿੰਨ ਨਸਲਾਂ ਬ੍ਰਾਊਨ ਹਾਕ, ਔਰੀਐਂਟਲ ਸਕੋਪਸ ਅਤੇ ਪੇਲਿਡ ਸਕੋਪਸ ਦੇ ਉੱਲੂਆਂ ਦੀ ਲਗਭਗ 70 ਸਾਲ ਬਾਅਦ ਇਸ ਜੰਗਲੀ ਖੇਤਰ ਵਿਚ ਵਾਪਸੀ ਉਤਸ਼ਾਹਜਨਕ ਹੈ। ਉਨ੍ਹਾਂ ਦਸਿਆ ਕਿ ਇਨ੍ਹਾਂ ਵਿਚੋਂ ਪੇਲਿਡ ਸਕੋਪਸ ਸੱਭ ਤੋਂ ਪਹਿਲਾਂ 2016 ਵਿਚ ਦਿਸਿਆ ਸੀ। ਇਸ ਤੋਂ ਬਾਅਦ ਬ੍ਰਾਊਨ ਹਾਕ ਦਸੰਬਰ 2017 ਅਤੇ ਔਰੀਐਂਟਲ ਸਕੋਪਸ ਕਿਸਮ ਦਾ ਉੱਲੂ ਇਸ ਸਾਲ ਫ਼ਰਵਰੀ ਵਿਚ ਵੇਖਿਆ ਗਿਆ।
ਮਦਨ ਨੇ ਦਸਿਆ ਕਿ ਲਗਭਗ 7 ਹਜ਼ਾਰ ਏਕੜ ਵਿਚ ਫੈਲੇ ਅਸੋਲਾ ਜੰਗਲੀ ਖੇਤਰ 'ਚ ਦਿੱਲੀ ਸਰਕਾਰ ਦੀ ਪਹਿਲ 'ਤੇ ਬੀਐਨਐਚਐਸ ਨੇ 2015 ਵਿਚ ਜੰਗਲੀ ਜੀਵਾਂ, ਪੰਛੀਆਂ ਅਤੇ ਬਨਸਪਤੀਆਂ ਦੇ ਗੁਮਨਾਮ ਸੰਸਾਰ ਨੂੰ ਅਧਿਐਨ ਨਾਲ ਦੁਨੀਆਂ ਸਾਹਮਣੇ ਜਨਤਕ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਭਾਰਤ ਵਿਚ ਬਹੁਤ ਘੱਟ ਗਿਣਤੀ 'ਚ ਬਚੇ ਡਸਕੀ ਈਗਲ ਕਿਸਮ ਦੇ ਉੱਲੂ ਪਹਿਲੀ ਵਾਰ ਇਸ ਜੰਗਲੀ ਖੇਤਰ ਵਿਚ 2014 'ਚ ਦਿਸਣ ਤੋਂ ਬਾਅਦ ਦਿੱਲੀ 'ਚ ਮਿਲਦੇ ਉੱਲੂਆਂ ਦੀ ਪੜਤਾਲ ਅਤੇ ਵਾਪਸੀ ਲਈ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਤਹਿਤ ਇਨ੍ਹਾਂ ਦਾ ਵਾਸਤਵਿਕ ਪੁਨਰਵਾਸ ਤਿਆਰ ਕਰ ਕੇ ਇਨ੍ਹਾਂ ਦੀ ਵਾਪਸੀ ਲਈ ਅਨੁਕੂਲ ਹਾਲਾਤ ਬਣਾਏ ਗਏ। ਨਤੀਜੇ ਵਜੋਂ ਸਾਲ 2015 'ਚ ਦੁਰਲੱਭ ਕਿਸਮ ਦੇ ਇੰਡੀਅਨ ਈਗਲ ਉੱਲੂ ਨੂੰ ਵੀ ਅਸੋਲਾ ਜੰਗਲੀ ਖੇਤਰ ਵਿਚ ਵੇਖਿਆ ਗਿਆ। ਉਦੋਂ ਤੋਂ ਲੈ ਕੇ ਹੁਣ ਤਕ ਦਿੱਲੀ 'ਚ ਪਾਏ ਜਾਣ ਵਾਲੇ ਸਾਰੇ 10 ਕਿਸਮਾਂ ਦੇ ਉੱਲੂਆਂ ਦੀ ਆਮਦ ਦਰਜ ਕੀਤੀ ਗਈ ਹੈ। ਮਦਨ ਨੇ ਦਸਿਆ ਕਿ ਉੱਲੂ ਆਮ ਤੌਰ 'ਤੇ ਸਿਰਫ਼ ਸਰਦੀ ਦੇ ਮੌਸਮ ਵਿਚ ਹੀ ਦਿਸਦੇ ਹਨ। ਗਰਮੀ ਦੇ ਇਸ ਮੌਸਮ ਵਿਚ ਜੰਗਲੀ 'ਚ ਉੱਲੂਆਂ ਦੀ ਰਾਤ ਨੂੰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। (ਏਜੰਸੀ)