
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲ ਅਤੇ ਸੇਵਾ ਕਰ (ਜੀਐਸਟੀ) ਵਿਵਸਥਾ ਤਹਿਤ ਸਾਰੀਆਂ ਵਸਤੂਆਂ 'ਤੇ ਇਕ ਹੀ ਦਰ ਨਾਲ ਕਰ ਲਾਉਣ ਦੀ ਤਜਵੀਜ਼ ਰੱਦ ....
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲ ਅਤੇ ਸੇਵਾ ਕਰ (ਜੀਐਸਟੀ) ਵਿਵਸਥਾ ਤਹਿਤ ਸਾਰੀਆਂ ਵਸਤੂਆਂ 'ਤੇ ਇਕ ਹੀ ਦਰ ਨਾਲ ਕਰ ਲਾਉਣ ਦੀ ਤਜਵੀਜ਼ ਰੱਦ ਕਰ ਦਿਤੀ। ਉਨ੍ਹਾਂ ਕਿਹਾ ਕਿ ਮਰਸੀਡੀਜ਼ ਕਾਰ ਅਤੇ ਦੁੱਧ 'ਤੇ ਇਕ ਹੀ ਦਰ ਨਾਲ ਕਰ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜੀਐਸਟੀ ਤਹਿਤ ਸਾਰੀਆਂ ਵਸਤੂਆਂ 'ਤੇ 18 ਫ਼ੀ ਸਦੀ ਬਰਾਬਰ ਦਰ ਨਾਲ ਕਰ ਲਾਉਣ ਦੀ ਕਾਂਗਰਸ ਦੀ ਮੰਗ ਜੇ ਪ੍ਰਵਾਨ ਕਰ ਲਈ ਜਾਂਦੀ ਹੈ ਤਾਂ ਇਸ ਨਾਲ ਖਾਧ ਪਦਾਰਥਾਂ ਅਤੇ ਕਈ ਜ਼ਰੂਰੀਆਂ ਵਸਤਾਂ 'ਤੇ ਕਰ ਦਾ ਬੋਝ ਵੱਧ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐਸਟੀ ਲਾਗੂ ਹੋਣ ਦੇ ਇਕ ਸਾਲ ਅੰਦਰ ਹੀ ਅਸਿੱਧੇ ਕਰਦਾਤਾਵਾਂ ਦਾ ਆਧਾਰ 70 ਫ਼ੀ ਸਦੀ ਤਕ ਵੱਧ ਗਿਆ। ਇਸ ਦੇ ਲਾਗੂ ਹੋਣ ਨਾਲ ਕਰ ਚੌਕੀਆਂ ਖ਼ਤਮ ਹੋ ਗਈਆਂ, ਇਨ੍ਹਾਂ ਵਿਚ 17 ਵੱਖ ਵੱਖ ਕਰਾਂ, 23 ਉਪ ਕਰਾਂ ਨੂੰ ਸ਼ਾਮਲ ਕਰ ਕੇ ਇਕ ਬਣਾਇਆ ਗਿਆ ਹੈ। ਮੋਦੀ ਨੇ ਕਿਹਾ ਕਿ ਜੀਐਸਟੀ ਸਮੇਂ ਨਾਲ ਬਿਹਤਰ ਹੋਣ ਵਾਲੀ ਪ੍ਰਣਾਲੀ ਹੈ। ਇਸ ਨੂੰ ਰਾਜ ਸਰਕਾਰਾਂ, ਵਪਾਰ ਜਗਤ ਦੇ ਲੋਕਾਂ ਅਤੇ ਸਬੰਧਤ ਧਿਰਾਂ ਤੋਂ ਮਿਲੀ ਜਾਣਕਾਰੀ ਅਤੇ ਅਨੁਭਵਾਂ ਦੇ ਆਧਾਰ ਇਸ ਵਿਚ ਲਗਾਤਾਰ ਸੁਧਾਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ, 'ਇਹ ਕਾਫ਼ੀ ਸੌਖਾ ਹੁੰਦਾ ਕਿ ਜੀਐਸਟੀ ਵਿਚ ਸਿਰਫ਼ ਇਕ ਹੀ ਦਰ ਰਹਿੰਦੀ ਪਰ ਇਸ ਦਾ ਇਹ ਮਤਲਬ ਹੋਵੇਗਾ ਕਿ ਖਾਧ ਪਦਾਰਥਾਂ 'ਤੇ ਕਰ ਦੀ ਦਰ ਸਿਫ਼ਰ ਨਹੀਂ ਹੋਵੇਗੀ। ਕੀ ਅਸੀਂ ਦੁੱਧ ਅਤੇ ਮਰਸੀਡੀਜ਼ ਕਾਰ 'ਤੇ ਇਕ ਹੀ ਦਰ ਨਾਲ ਕਰ ਲਾ ਸਕਦੇ ਹਾਂ? ਉਨ੍ਹਾਂ ਕਿਹਾ, 'ਇਸ ਲਈ ਕਾਂਗਰਸ ਦੇ ਸਾਡੇ ਮਿੱਤਰ ਜਦ ਇਹ ਕਹਿੰਦੇ ਹਨ ਕਿ ਸਾਡੇ ਕੋਲ ਜੀਐਸਟੀ ਦੀ ਸਿਰਫ਼ ਇਕ ਦਰ ਹੋਣੀ ਚਾਹੀਦੀ ਹੈ, ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਉਹ ਖਾਧ ਪਦਾਰਥਾਂ ਅਤੇ ਦੂਜੀਆਂ ਉਪਭੋਗਤਾ ਜਿਣਸਾਂ 'ਤੇ 18 ਫ਼ੀ ਸਦੀ ਦੀ ਦਰ ਨਾਲ ਕਰ ਲਾਉਣਾ ਚਾਹੁੰਦੇ ਹਨ। (ਏਜੰਸੀ)