
ਸੋਨੀਆ ਗਾਂਧੀ ਨੇ ਸਰਕਾਰ 'ਤੇ ਲਾਇਆ ਦੋਸ਼
ਨਵੀਂ ਦਿੱਲੀ : ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਰੇਲਵੇ ਦੀ ਕੀਮਤੀ ਜਾਇਦਾਦ ਨੂੰ ਨਿਜੀ ਖੇਤਰ ਦੇ ਕੁੱਝ ਲੋਕਾਂ ਨੂੰ ਕੌਡੀਆਂ ਦੇ ਭਾਅ ਵੇਚ ਦਿਤਾ ਹੈ। ਉਨ੍ਹਾਂ ਇਸ ਗੱਲ 'ਤੇ ਦੁਖ ਪ੍ਰਗਟਾਇਆ ਕਿ ਸਰਕਾਰ ਨੇ ਨਿਗਮੀਕਰਨ ਦੀ ਵਰਤੋਂ ਲਈ ਰਾਏਬਰੇਲੀ ਦੇ ਮਾਡਰਨ ਕੋਚ ਕਾਰਖਾਨੇ ਵਰਗੇ ਕਾਮਯਾਬ ਪ੍ਰਾਜੈਕਟ ਦੀ ਚੋਣ ਕੀਤੀ। ਸੋਨੀਆ ਗਾਂਧੀ ਨੇ ਕਿਹਾ ਕਿ ਨਿਜੀਕਰਨ ਦੀ ਸ਼ੁਰੂਆਤ ਹੈ ਨਿਗਮੀਕਰਨ।
Sonia Gandhi
ਸੋਨੀਆ ਗਾਂਧੀ ਨੇ ਕਿਹਾ ਕਿ ਸਰਕਾਰੀ ਖੇਤਰ ਦੇ ਅਦਾਰਿਆਂ (ਪੀਐਸਯੂ) ਨੂੰ ਪੰਡਤ ਜਵਾਹਰ ਲਾਲ ਨਹਿਰੂ ਨੇ ਆਧੁਨਿਕ ਭਾਰਤ ਦੇ ਮੰਦਰ ਕਿਹਾ ਸੀ ਅਤੇ ਹੁਣ ਇਹ ਵੇਖ ਕੇ ਦੁੱਖ ਹੁੰਦਾ ਹੈ ਕਿ ਮੌਜੂਦਾ ਸਮੇਂ ਵਿਚ ਇਹ ਮੰਦਰ ਖ਼ਤਰੇ ਵਿਚ ਪੈ ਗਿਆ ਹੈ। ਫ਼ਾਇਦੇ ਦੇ ਬਾਵਜੂਦ ਮੁਲਾਜ਼ਮਾਂ ਨੂੰ ਸਮੇਂ 'ਤੇ ਤਨਖ਼ਾਹ ਨਹੀਂ ਦਿਤੀ ਜਾ ਰਹੀ ਅਤੇ ਕੁੱਝ ਵਿਸ਼ੇਸ਼ ਵਪਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਮੁਲਾਜ਼ਮਾਂ ਨੂੰ ਸੰਕਟ ਵਿਚ ਪਾ ਦਿਤਾ ਗਿਆ ਹੈ। ਇਹ ਸੱਭ ਜਾਣਦੇ ਹਨ ਕਿ ਐਚਏਐਲ, ਬੀਐਸਐਨਐਲ ਅਤੇ ਐਮਟੀਐਨਐਲ ਨਾਲ ਕੀ ਹੋ ਰਿਹਾ ਹੈ।
Railway
ਲੋਕ ਸਭਾ ਵਿਚ ਸਿਫ਼ਰਕਾਲ ਦੌਰਾਨ ਸੋਨੀਆ ਗਾਂਧੀ ਨੇ ਇਹ ਮੁੱਦਾ ਉਠਾਇਆ ਜਿਸ ਤੋਂ ਕੁੱਝ ਸਮੇਂ ਬਾਅਦ ਰੇਲਵੇ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਕਾਰਖਾਨਾ ਸਰਕਾਰ ਦੇ ਕੰਟਰੋਲ ਵਿਚ ਰਹੇਗਾ। ਉਨ੍ਹਾਂ ਕਿਹਾ ਕਿ ਨਿਗਮੀਕਰਨ ਦਾ ਅਸਲੀ ਅਰਥ ਨਿਜੀਕਰਨ ਦੀ ਸ਼ੁਰੂਆਤ ਹੈ। ਇਹ ਦੇਸ਼ ਦੀ ਕੀਮਤੀ ਜਾਇਦਾਦ ਨੂੰ ਨਿਜੀ ਖੇਤਰ ਦੇ ਲੋਕਾਂ ਨੂੰ ਕੌਡੀਆਂ ਦੇ ਭਾਅ ਵੇਚਣ ਦੀ ਪ੍ਰਕਿਰਿਆ ਹੈ ਹਾਲਾਂਕਿ ਰੇਲਵੇ ਨੇ ਕਿਹਾ ਕਿ ਨਿਗਮੀਕਰਨ ਦਾ ਮਤਲਬ ਨਿਜੀਕਰਨ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਇਹ ਇਕਾਈਆਂ ਸਰਕਾਰ ਦੇ ਕੰਟਰੋਲ ਵਿਚ ਰਹਿਣਗੀਆਂ ਪਰ ਇਨ੍ਹਾਂ ਦਾ ਵਧੀਆਂ ਢੰਗ ਨਾਲ ਪ੍ਰਬੰਧਨ ਕੀਤਾ ਜਾਵੇਗਾ।
Indian Railway
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਅਜਿਹੀ ਪ੍ਰਕਿਰਿਆ ਨਾਲ ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਸਕਦੇ ਹਨ। ਅਸਲੀ ਚਿੰਤਾ ਤਾਂ ਇਸ ਗੱਲ ਦੀ ਹੈ ਕਿ ਸਰਕਾਰ ਨੇ ਇਸ ਪ੍ਰਯੋਗ ਲਈ ਰਾਏਬਰੇਲੀ ਦੇ ਮਾਡਰਨ ਕੋਚ ਕਾਰਖਾਨੇ ਦੀ ਵੀ ਚੋਣ ਕੀਤੀ ਹੈ ਜੋ ਕਈ ਕਾਮਯਾਬ ਪ੍ਰਾਜੈਕਟਾਂ ਵਿਚੋਂ ਇਕ ਹੈ ਅਤੇ ਜਿਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਉਸ ਸਮੇਂ ਦੀ ਯੂਪੀਏ ਸਰਕਾਰ ਨੇ ਦੇਸ਼ ਦੇ ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਯਾਨੀ 'ਮੇਕ ਇਨ ਇੰਡੀਆ' ਲਈ ਸ਼ੁਰੂ ਕੀਤਾ ਸੀ।
Sonia Gandhi
ਜ਼ਿਕਰਯੋਗ ਹੈ ਕਿ ਮੇਕ ਇਨ ਇੰਡੀਆ ਨਰਿੰਦਰ ਮੋਦੀ ਸਰਕਾਰ ਦਾ ਅਹਿਮ ਪ੍ਰਾਜੈਕਟ ਹੈ। ਮੋਦੀ ਨੇ ਹਾਲ ਹੀ ਵਿਚ ਲੋਕ ਸਭਾ ਵਿਚ ਅਪਣੇ ਸੰਬੋਧਨ ਵਿਚ ਕਾਂਗਰਸ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਸੀ ਕਿ ਮੇਕ ਇਨ ਇੰਡੀਆ ਦਾ ਮਜ਼ਾਕ ਉਡਾ ਕੇ ਕੁੱਝ ਲੋਕਾਂ ਨੂੰ ਭਾਵੇਂ ਰਾਤ ਨੂੰ ਚੰਗੀ ਨੀਂਦ ਆ ਜਾਵੇ ਪਰ ਇਸ ਨਾਲ ਦੇਸ਼ ਦਾ ਭਲਾ ਨਹੀਂ ਹੋ ਸਕੇਗਾ। ਇਸ ਦੇ ਨਾਲ ਹੀ ਮੋਦੀ ਨੇ ਸਵਾਲ ਕੀਤਾ ਸੀ ਕਿ ਕੀ ਕਦੇ ਕਿਸੇ ਚਰਚਾ ਵਿਚ ਡਾ. ਮਨਮੋਹਨ ਸਿੰਘ ਦਾ ਨਾਂ ਲਿਆ ਗਿਆ।
Sonia Gandhi
2000 ਤੋਂ ਜ਼ਿਆਦਾ ਮੁਲਾਜ਼ਮਾਂ ਦਾ ਭਵਿੱਖ ਮੁਸ਼ਕਲ ਵਿਚ: ਸੋਨੀਆ
ਨਵੀਂ ਦਿੱਲੀ, 2 ਜੁਲਾਈ: ਸੋਨੀਆ ਗਾਂਧੀ ਨੇ ਕਿਹਾ ਕਿ ਰਾਏਬਰੇਲੀ ਦੇ ਮਾਡਰਨ ਕੋਚ ਕਾਰਖਾਨੇ ਵਿਚ ਸਮਰੱਥਾ ਤੋਂ ਜ਼ਿਆਦਾ ਉਤਪਾਦਨ ਹੁੰਦਾ ਹੈ। ਇਹ ਭਾਰਤੀ ਰੇਲਵੇ ਦੀ ਸੱਭ ਤੋਂ ਆਧੁਨਿਕ ਕਾਰਖਾਨਾ ਹੈ। ਇਹ ਕਾਰਖਾਨਾ ਵਧੀਆ ਤੇ ਸਸਤੇ ਕੋਚ ਬਣਾਉਣ ਲਈ ਪ੍ਰਸਿੱਧ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਸ ਕਾਰਖਾਨੇ ਵਿਚ ਕੰਮ ਕਰਨ ਵਾਲੇ 2000 ਤੋਂ ਜ਼ਿਆਦਾ ਮੁਲਾਜ਼ਮਾਂ ਅਤੇ ਉਨ੍ਹਾਂ ਦਾ ਪਰਵਾਰਾਂ ਦਾ ਭਵਿੱਖ ਸੰਕਟ ਵਿਚ ਹੈ। ਸਰਕਾਰ ਇਸ ਕਾਰਖਾਨੇ ਦਾ ਨਿਗਮੀਕਰਨ ਕਰਨਾ ਚਾਹੁੰਦੀ ਹੈ ਅਤੇ ਨਿਗਮੀਕਰਨ ਨਿਜੀਕਰਨ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੰਸਦ ਵਿਚ ਵਖਰਾ ਰੇਲ ਬਜਟ ਪੇਸ਼ ਕਰਨ ਦੀ ਪਰੰਪਰਾ ਬੰਦ ਕਿਉਂ ਕੀਤੀ, ਇਸ ਬਾਰੇ ਕੁੱਝ ਨਹੀਂ ਪਤਾ। ਇਸ ਫ਼ੈਸਲੇ ਤੋਂ ਪਹਿਲਾਂ ਸਰਕਾਰ ਨੇ ਮਜ਼ਦੂਰ ਯੂਨੀਅਨਾਂ ਅਤੇ ਮੁਲਾਜ਼ਮਾਂ ਨੂੰ ਭਰੋਸੇ ਵਿਚ ਨਹੀਂ ਲਿਆ।