
ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਵਿਚ ਸੀਆਰਪੀਐਫ਼ ਦੀ ਪਾਰਟੀ ’ਤੇ ਬੁਧਵਾਰ ਨੂੰ ਅਤਿਵਾਦੀਆਂ ਨੇ ਹਮਲਾ ਕਰ ਦਿਤਾ।
ਸੋਪੋਰ, 1 ਜੁਲਾਈ : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਕਸਬੇ ਵਿਚ ਸੀਆਰਪੀਐਫ਼ ਦੀ ਪਾਰਟੀ ’ਤੇ ਬੁਧਵਾਰ ਨੂੰ ਅਤਿਵਾਦੀਆਂ ਨੇ ਹਮਲਾ ਕਰ ਦਿਤਾ। ਫ਼ਾਇਰਿੰਗ ਵਿਚ 1 ਜਵਾਨ ਸ਼ਹੀਦ ਹੋ ਗਿਆ ਅਤੇ 3 ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਅਤਿਵਾਦੀਆਂ ਦੀ ਗੋਲੀਬਾਰੀ ਦੀ ਲਪੇਟ ਵਿਚ ਆਏ ਇਕ ਨਾਗਰਿਕ ਦੀ ਮੌਤ ਹੋ ਗਈ। ਮਾਰੇ ਗਏ ਵਿਅਕਤੀ ਨਾਲ ਉਸ ਦਾ ਤਿੰਨ ਸਾਲ ਦਾ ਪੋਤਾ ਵੀ ਸੀ।
ਸੁਰੱਖਿਆ ਫ਼ੌਜਾਂ ਨੇ ਬੱਚੇ ਨੂੰ ਸੁਰੱਖਿਅਤ ਕੱਢ ਲਿਆ। ਇਲਾਕੇ ਦੀ ਘੇਰਾਬੰਦੀ ਕਰ ਕੇ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਨੇ ਮਸਜਿਦ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਅਤਿਵਾਦੀਆਂ ਨੂੰ ਧਾਰਮਕ ਸਥਾਨਾਂ ਦੀ ਵਰਤੋਂ ਨਾ ਕਰਨ ਦਿਤੀ ਜਾਵੇ। ਉਨ੍ਹਾਂ ਦਸਿਆ ਕਿ ਇਕ ਮਹੀਨੇ ਵਿਚ ਦੋ ਵਾਰ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਦ ਅਤਿਵਾਦੀਆਂ ਨੇ ਮਸਜਿਦਾਂ ਦੀ ਵਰਤੋਂ ਕੀਤੀ ਹੈ। ਅਤਿਵਾਦੀਆਂ ਨੇ ਮਸਜਿਦ ਵਿਚ ਲੁਕ ਕੇ ਗੋਲੀਆਂ ਚਲਾਈਆਂ।
ਆਈਜੀ ਮੁਤਾਬਕ ਪਿਛਲੇ ਹਫ਼ਤੇ ਹੋਏ ਅਤਿਵਾਦੀ ਹਮਲੇ ਵਿਚ ਪੰਜ ਸਾਲ ਦੇ ਬੱਚੇ ਦੀ ਜਾਨ ਚਲੀ ਗਈ ਸੀ। ਸੁਰੱਖਿਆ ਫ਼ੋਰਸ ’ਤੇ ਹਮਲੇ ਦੀ 6 ਦਿਨਾਂ ਵਿਚ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਅਨੰਤਨਾਗ ਦੇ ਬਿਜਬੇਹੜਾ ਵਿਚ ਸੀਆਰਪੀਐਫ਼ ਦੀ ਪਾਰਟੀ ’ਤੇ ਹਮਲਾ ਹੋਇਆ ਸੀ ਜਿਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ ਸੀ ਅਤੇ ਪੰਜ ਸਾਲ ਦਾ ਬੱਚੇ ਦੀ ਮੌਤ ਹੋ ਗਈ ਸੀ। ਇਸ ਸਾਲ 128 ਅਤਿਵਾਦੀ ਮਾਰੇ ਗਏ ਹਨ। ਇਹ ਜਾਣਕਾਰੀ ਕਲ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਦਿਤੀ ਸੀ। (ਏਜੰਸੀ)
File Photo
ਗੋਲੀਆਂ ਵਰ੍ਹਦੀਆਂ ਰਹੀਆਂ ਤੇ ਤਿੰਨ ਸਾਲਾ ਮਾਸੂਮ ਲਾਸ਼ ਕੋਲ ਬੈਠਾ ਰਿਹਾ
ਸ੍ਰੀਨਗਰ, 1 ਜੁਲਾਈ : ਉਹ 3 ਸਾਲਾ ਮਾਸੂਮ ਵਰ੍ਹਦੀਆਂ ਗੋਲੀਆਂ ਵਿਚ ਅਪਣੇ ਦਾਦੇ ਦੀ ਲਾਸ਼ ਦੁਆਲੇ ਘੁੰਮ ਰਿਹਾ ਸੀ। ਉਸ ਨੂੰ ਪਤਾ ਨਹੀਂ ਸੀ ਕਿ ਉਹ ਵੀ ਮੌਤ ਦੇ ਮੂੰਹ ਵਿਚ ਹੈ। ਚੁਫ਼ੇਰੇ ਗੋਲੀਆਂ ਚੱਲ ਰਹੀਆਂ ਸਨ। ਬੱਚੇ ਤਕ ਪਹੁੰਚਣ ਲਈ ਪੁਲਿਸ ਤੇ ਫ਼ੌਜ ਦੀਆਂ ਗੱਡੀਆਂ ਲਾਈਨ ਵਿਚ ਖੜ੍ਹੀਆਂ ਕੀਤੀਆਂ ਗਈਆਂ। ਬੜੀ ਮੁਸ਼ਕਲ ਨਾਲ ਉਸ ਬੱਚੇ ਕੋਲ ਪਹੁੰਚ ਕੀਤੀ ਗਈ ਪਰ ਉਹ ਆਉਣ ਲਈ ਤਿਆਰ ਨਹੀਂ ਸੀ, ਉਹ ਰੋ ਰਿਹਾ ਸੀ। ਬੜੇ ਮੁਸ਼ਕਲ ਨਾਲ ਬੱਚੇ ਨੂੰ ਸੁਰੱਖਿਅਤ ਥਾਂ ਉਤੇ ਪਹੁੰਚਾਇਆ।
ਇਹ ਪ੍ਰਗਟਾਵਾ ਐਸਐਚਓ ਅਜੀਮ ਖ਼ਾਨ ਨੇ ਜੰਮੂ ਕਸ਼ਮੀਰ ਦੇ ਸੋਪੋਰ ਵਿਚ ਅਤਿਵਾਦੀਆਂ ਵਲੋਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਕਾਫ਼ਲੇ ’ਤੇ ਹਮਲੇ ਦੇ ਦਰਦਨਾਕ ਪਲਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ ਹੈ। ਜੰਮੂ ਕਸ਼ਮੀਰ ਦੇ ਸੋਪੋਰ ਵਿਚ ਅਤਿਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਦੇ ਕਾਫ਼ਲੇ ’ਤੇ ਹਮਲਾ ਕੀਤਾ ਹੈ। ਇਸ ਵਿਚ ਸੀਆਰਪੀਐਫ਼ 179 ਬਟਾਲੀਅਨ ਦਾ ਹੈਡ ਕਾਂਸਟੇਬਲ ਸ਼ਹੀਦ ਹੋ ਗਿਆ, ਜਦਕਿ ਇਕ ਬਜ਼ੁਰਗ ਨਾਗਰਿਕ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਇਹ ਬਜ਼ੁਰਗ ਅਪਣੇ 3 ਸਾਲਾ ਪੋਤੇ ਨਾਲ ਸਵੇਰੇ ਸੈਰ ਲਈ ਨਿਕਲਿਆ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਮਲੇ ਦੀ ਜਾਣਕਾਰੀ ਮਿਲਣ ਉਤੇ ਜਦੋਂ ਮੌਕੇ ਉਤੇ ਪੁੱਜੇ ਤਾਂ ਇਕ ਢਾਈ-ਤਿੰਨ ਸਾਲਾ ਬੱਚੇ ਅਪਣੇ ਦਾਦੇੇ ਦੀ ਦੇਹ ਦੁਆਲੇ ਘੁੰਮ ਰਿਹਾ ਸੀ। ਗੋਲੀਬਾਰੀ ਵਿਚਕਾਰ ਇਕ ਸੀਆਰਪੀਐਫ਼ ਜਵਾਨ ਨੇ ਇਕ ਬੱਚੇ ਦੀ ਜਾਨ ਬਚਾਈ ਅਤੇ ਉਸ ਨੂੰ ਇਕ ਸੁਰੱਖਿਅਤ ਜਗ੍ਹਾ ਉਤੇ ਲੈ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਬੱਚੇ ਦੀ ਉਮਰ ਲਗਭਗ 3 ਸਾਲ ਹੈ। ਉਹ ਸਵੇਰੇ ਅਪਣੇ ਦਾਦੇ ਨਾਲ ਸੈਰ ਕਰਨ ਨਿਕਲਿਆ ਸੀ। ਇਸ ਦੌਰਾਨ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ।
ਗੋਲੀ ਲੱਗਣ ਨਾਲ ਬੱਚੇ ਦੇ ਦਾਦੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੇ ਦੀਆਂ ਕਈ ਤਸਵੀਰਾਂ ਅਤੇ ਵੀਡੀਉ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਇਸ ਫ਼ੋਟੋ ਵਿਚ ਵੇਖਿਆ ਜਾ ਸਕਦਾ ਹੈ ਕਿ ਬੱਚੇ ਦੇ ਦਾਦੇ ਦੀ ਲਾਸ਼ ਸੜਕ ਉਤੇ ਪਈ ਸੀ। ਗੋਲੀ ਚੱਲਣ ਨਾਲ ਬਹੁਤ ਡਰਿਆ ਬੱਚਾ, ਚੀਕ ਰਿਹਾ ਹੈ।
ਵੀਡੀਉ ਵਿਚ ਵੇਖਿਆ ਜਾ ਸਕਦਾ ਹੈ
ਕਿ ਇਸੇ ਦੌਰਾਨ ਇਕ ਨੌਜਵਾਨ ਉਥੇ ਆਇਆ ਅਤੇ ਤੁਰਤ ਬੱਚੇ ਨੂੰ ਅਪਣੀ ਗੋਦ ਵਿਚ ਫੜ ਲਿਆ। ਬੱਚੇ ਦੀ ਮਾਸੂਮੀਅਤ ਅਤੇ ਉਸ ਤੋਂ ਬਾਅਦ ਦੇ ਨੌਜਵਾਨ ਦੀ ਤਸਵੀਰ ਦਿਲ ਨੂੰ ਛੂਹਣ ਵਾਲੀ ਹੈ। ਇਕ ਹੋਰ ਵੀਡੀਉ ਵਿਚ, ਬੱਚੇ ਨੂੰ ਸੀਆਰਪੀਐਫ਼ ਦੀ ਕਾਰ ਵਿਚ ਬੈਠੇ ਰੋਂਦਿਆਂ ਦੇਖਿਆ ਜਾ ਸਕਦਾ ਹੈ। ਉਸ ਦੇ ਹੱਥ ਵਿੱਚ ਬਿਸਕੁਟਾਂ ਦਾ ਇਕ ਪੈਕਟ ਵੀ ਵੇਖਿਆ ਜਾ ਸਕਦਾ ਹੈ। ਅਤਿਵਾਦੀਆਂ ਦੀ ਗੋਲੀਬਾਰੀ ਦੌਰਾਨ ਆਈ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। (ਏਜੰਸੀ)