ਡਾਇਬਟੀਜ਼ ਦੇ ਮਰੀਜਾਂ ਲਈ ਵਰਤੀ ਜਾਣ ਵਾਲੀ ਇਕ ਸਸਤੀ ਦਵਾਈ ਮੈਟਫਾਰਮਿਨ ਨਾਲ ਕੋਰੋਨਾ ਮਰੀਜਾਂ ਨੂੰ ਵੀ ਲਾਭ ਮਿਲ ਸਕਦਾ ਹੈ।
ਨਵੀਂ ਦਿੱਲੀ: ਡਾਇਬਟੀਜ਼ ਦੇ ਮਰੀਜਾਂ ਲਈ ਵਰਤੀ ਜਾਣ ਵਾਲੀ ਇਕ ਸਸਤੀ ਦਵਾਈ ਮੈਟਫਾਰਮਿਨ ਨਾਲ ਕੋਰੋਨਾ ਮਰੀਜਾਂ ਨੂੰ ਵੀ ਲਾਭ ਮਿਲ ਸਕਦਾ ਹੈ। ਚੀਨ ਦੇ ਵੁਹਾਨ ਦੇ ਡਾਕਟਰਾਂ ਨੇ ਕੁਝ ਕੇਸ ਸਟਡੀ ਦੇ ਅਧਾਰ ‘ਤੇ ਇਹ ਗੱਲ਼ ਕਹੀ ਹੈ। ਉੱਥੇ ਹੀ ਅਮਰੀਕਾ ਦੇ ਮਿਨੇਸੋਟਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਵੀ ਕਹਿਣਾ ਹੈ ਕਿ ਮੈਟਫਾਰਮਿਨ ਦਵਾਈ ਕੋਰੋਨਾ ਮਰੀਜਾਂ ਦੀ ਮੌਤ ਦੇ ਖਤਰੇ ਨੂੰ ਘੱਟ ਕਰ ਸਕਦੀ ਹੈ।
ਮਿਨੇਸੋਟਾ ਯੂਨੀਵਰਸਿਟੀ ਨੇ ਕਰੀਬ 6 ਹਜ਼ਾਰ ਮਰੀਜਾਂ ‘ਤੇ ਸਟਡੀ ਕੀਤੀ ਸੀ। ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਪ੍ਰਮੁੱਖ ਸਿਹਤ ਸੰਸਥਾ ਨੈਸ਼ਨਲ ਹੈਲਥ ਸਰਵਿਸ ਪਹਿਲਾਂ ਤੋਂ ਇਸ ਦਵਾਈ ਦੀ ਵਰਤੋਂ ਕਰ ਰਹੀ ਹੈ। ਡਾਇਬਟੀਜ਼ ਦੇ ਨਾਲ-ਨਾਲ ਬ੍ਰੈਸਟ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਵਿਚ ਵੀ ਇਸ ਦਵਾਈ ਨਾਲ ਲਾਭ ਹੋਣ ਦੀ ਗੱਲ਼ ਕਹੀ ਜਾ ਰਹੀ ਹੈ।
ਇਹ ਦਵਾਈ ਕਾਫੀ ਸਸਤੀ ਹੈ ਅਤੇ ਭਾਰਤ ਵਿਚ ਮੈਟਫਾਰਮਿਨ 500mg ਦੇ ਇਕ ਟੈਬਲੇਟ ਦੀ ਕੀਮਤ 1.5 ਰੁਪਏ ਹੈ। ਟਾਈਪ 2 ਡਾਈਬਟੀਜ਼ ਦੇ ਇਲਾਜ ਲਈ 1950 ਦੇ ਦਹਾਕੇ ਤੋਂ ਹੀ ਇਸ ਦਵਾਈ ਦੀ ਵਰਤੋਂ ਕੀਤੀ ਜਾ ਰਹੀ ਹੈ। ਸਟਡੀ ਦੌਰਾਨ ਵੁਹਾਨ ਦੇ ਡਾਕਟਰਾਂ ਨੂੰ ਪਤਾ ਚੱਲਿਆ ਕਿ ਮੈਟਫਾਰਮਿਨ ਲੈਣ ਵਾਲੇ ਸਿਰਫ 3 ਮਰੀਜਾਂ ਦੀ ਮੌਤ ਹੋਈ ਸੀ, ਜਦਕਿ ਇੰਨੇ ਹੀ ਗੰਭੀਰ 22 ਕੋਰੋਨਾ ਮਰੀਜਾਂ ਦੀ ਮੌਤ ਹੋ ਗਈ, ਜਿਨ੍ਹਾਂ ਨੇ ਇਹ ਦਵਾਈ ਨਹੀਂ ਲਈ ਸੀ।
ਕੁਝ ਸਟਡੀਜ਼ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੋਟਾਪੇ ਦੇ ਸ਼ਿਕਾਰ ਜੋ ਲੋਕ ਡਾਇਬਟੀਜ਼ ਨਾਲ ਪੀੜਤ ਨਹੀਂ ਹਨ, ਉਹਨਾਂ ਨੂੰ ਵੀ ਵਜ਼ਨ ਘਟਾਉਣ ਵਿਚ ਇਹ ਦਵਾਈ ਮਦਦ ਕਰਦੀ ਹੈ। ਉੱਥੇ ਹੀ ਇਹ ਵੀ ਦੇਖਿਆ ਗਿਆ ਹੈ ਕਿ ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਕੋਰੋਨਾ ਨਾਲ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਅਤੇ ਉਹਨਾਂ ਦੀ ਮੌਤ ਦਾ ਖਤਰਾ ਵੀ ਜ਼ਿਆਦਾ ਰਹਿੰਦਾ ਹੈ।