
ਅਮਰੀਕੀ ਸੰਸਥਾਨ ਦੀ ਰਿਪੋਰਟ 'ਚ ਕੀਤੇ ਗਏ ਇੰਕਸ਼ਾਫ਼
ਨਵੀਂ ਦਿੱਲੀ: ਰੂਸ-ਯੂਕਰੇਨ ਤੇ ਇਜ਼ਰਾਈਲ-ਹਮਾਸ ਜੰਗ ਦਰਮਿਆਨ ਲੱਦਾਖ ’ਚ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੀਆਂ ਖ਼ਬਰਾਂ ਭਾਵੇਂ ਸੁਰਖ਼ੀਆਂ ’ਚੋਂ ਗ਼ਾਇਬ ਹੋ ਗਈਆਂ ਹੋਣ ਪਰ ਸਰਹੱਦ ’ਤੇ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਹਾਲੇ ਵੀ ਬਰਕਰਾਰ ਹੈ। ਇਹ ਦਾਅਵਾ ਇਕ ਅਮਰੀਕੀ ਰੀਪੋਰਟ ਵਿਚ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਫ਼ੌਜ ਲੰਬੇ ਸਮੇਂ ਤਕ ਭਾਰਤੀ ਸਰਹੱਦ ’ਤੇ ਤਾਇਨਾਤ ਰਹਿ ਸਕਦੀ ਹੈ ਅਤੇ ਵਿਵਾਦਿਤ ਸਰਹੱਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਲਈ ਤਣਾਅ ਦਾ ਕਾਰਨ ਬਣੇਗੀ।
ਅਮਰੀਕਾ ਦੇ ਆਰਮੀ ਵਾਰ ਕਾਲਜ ਦੇ ਰਣਨੀਤਕ ਅਧਿਐਨ ਸੰਸਥਾਨ ਨੇ ਹਾਲ ਹੀ ਵਿਚ ਇਕ ਰੀਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2020 ਵਿਚ ਭਾਰਤ ਤੇ ਚੀਨ ਵਿਚਕਾਰ ਹਿੰਸਕ ਸਰਹੱਦੀ ਝੜਪ ਹੋਈ ਸੀ ਅਤੇ ਉਸ ਤੋਂ ਬਾਅਦ ਕੋਈ ਵੀ ਹਿੰਸਕ ਘਟਨਾ ਨਹੀਂ ਵਾਪਰੀ ਹੈ ਪਰ ਦੋਵਾਂ ਪਾਸਿਆਂ ਤੋਂ ਵੱਡੀ ਗਿਣਤੀ ਵਿਚ ਫ਼ੌਜ ਤਾਇਨਾਤ ਹੈ ਅਤੇ ਕਿਸੇ ਵੀ ਗ਼ਲਤੀ ਨਾਲ ਹਥਿਆਰਬੰਦ ਟਕਰਾਅ ਹੋ ਸਕਦਾ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਚੀਨੀ ਫ਼ੌਜ ਅਕਸਾਈ ਚਿਨ ਅਤੇ ਡੋਕਲਾਮ ’ਚ ਅਣਮਿੱਥੇ ਸਮੇਂ ਲਈ ਤਾਇਨਾਤ ਰਹਿ ਸਕਦੀ ਹੈ।
ਰੀਪੋਰਟ ’ਚ ਕਿਹਾ ਗਿਆ ਹੈ ਕਿ ਚੀਨ ਦੀ ਫ਼ੌਜ ਨੇ ਆਪਣੀ ਲੌਜਿਸਟਿਕ ਸਮਰੱਥਾ ’ਚ ਕਾਫ਼ੀ ਵਾਧਾ ਕੀਤਾ ਹੈ। ਇਸ ਕਾਰਨ, ਗਲਵਾਨ ਘਟਨਾ ਤੋਂ ਬਾਅਦ, ਚੀਨ ਨੇ ਬਹੁਤ ਹੀ ਸੀਮਤ ਸਮੇਂ ਵਿਚ ਸਰਹੱਦ ’ਤੇ ਵੱਡੀ ਗਿਣਤੀ ਵਿਚ ਫ਼ੌਜੀ ਤਾਇਨਾਤ ਕੀਤੇ ਸਨ। ਮੰਨਿਆ ਜਾ ਰਿਹਾ ਹੈ ਕਿ 2020 ਦੀ ਘਟਨਾ ਤੋਂ ਬਾਅਦ ਚੀਨ ਨੇ ਸਰਹੱਦ ’ਤੇ ਕਰੀਬ 10 ਹਜ਼ਾਰ ਫ਼ੌਜੀ ਤਾਇਨਾਤ ਕੀਤੇ ਹਨ। ਇੰਜੀਨੀਅਰ ਅਤੇ ਤੋਪਖਾਨੇ ਤੋਂ ਇਲਾਵਾ ਇਨ੍ਹਾਂ ਵਿਚ ਸਹਾਇਕ ਸਟਾਫ਼ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਅਕਸਾਈ ਚਿਨ ਦੇ 400 ਕਿਲੋਮੀਟਰ ਖੇਤਰ ’ਚ ਕਰੀਬ 20 ਹਜ਼ਾਰ ਚੀਨੀ ਫ਼ੌਜੀ ਤਾਇਨਾਤ ਹਨ।
ਸਾਲ 2020 ’ਚ ਗਲਵਾਨ ’ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ, ਜਿਸ ’ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਸੰਘਰਸ਼ ਵਿਚ ਕਈ ਚੀਨੀ ਫ਼ੌਜੀ ਵੀ ਮਾਰੇ ਗਏ ਸਨ ਪਰ ਚੀਨ ਨੇ ਇਹ ਗੱਲ ਨਹੀਂ ਮੰਨੀ।