ਮੋਬਾਈਲ ਚਾਰਜਰ ਮੂੰਹ 'ਚ ਪਾਉਣ ਕਾਰਨ ਵਾਪਰਿਆ ਹਾਦਸਾ
ਕਰਨਾਟਕ : ਇਥੋਂ ਦੇ ਕਾਰਵਾੜ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗ਼ਲਤੀ ਨਾਲ ਮੋਬਾਈਲ ਚਾਰਜਰ ਮੂੰਹ 'ਚ ਪਾਉਣ ਨਾਲ 8 ਮਹੀਨੇ ਦੀ ਬੱਚੀ ਦੀ ਜਾਨ ਚਲੀ ਗਈ। ਕਾਰਵਾੜ ਤਾਲੁਕ ਵਿੱਚ ਮੰਗਲਵਾਰ ਨੂੰ ਇਹ ਮੰਦਭਾਗੀ ਘਟਨਾ ਵਾਪਰੀ ਜਿਸ ਕਾਰਨ ਪਰਵਾਰ ਵਿਚ ਗ਼ਮ ਦਾ ਆਲਮ ਹੈ।
ਇਹ ਵੀ ਪੜ੍ਹੋ: ਦੇਸ਼ ਦੇ 4001 ਵਿਧਾਇਕਾਂ ਦੀ ਜਾਇਦਾਦ 54,545 ਕਰੋੜ ਰੁਪਏ : ADR ਰਿਪੋਰਟ
ਬੱਚੀ ਦੀ ਪਛਾਣ ਸੰਨਿਧਿਆ ਵਜੋਂ ਹੋਈ ਹੈ, ਜੋ ਸੰਤੋਸ਼ ਅਤੇ ਸੰਜਨਾ ਦੀ ਬੇਟੀ ਸੀ। ਸੰਤੋਸ਼ HESCOM (ਹੁਬਲੀ ਬਿਜਲੀ ਸਪਲਾਈ ਕੰਪਨੀ) ਵਿਚ ਇਕ ਠੇਕਾ ਮੁਲਾਜ਼ਮ ਵਜੋਂ ਕੰਮ ਕਰਦਾ ਸੀ। ਪ੍ਰਵਾਰ ਨੇ ਅਪਣਾ ਮੋਬਾਈਲ ਫੋਨ ਚਾਰਜ ਕਰ ਲਿਆ ਸੀ ਪਰ ਗਲਤੀ ਨਾਲ ਸਵਿੱਚ ਆਨ ਛੱਡ ਦਿਤਾ। ਦੁਖਦਾਈ ਗੱਲ ਇਹ ਹੈ ਕਿ ਜਦੋਂ ਬੱਚੇ ਨੇ ਚਾਰਜਰ ਦੀ ਪਿੰਨ ਅਪਣੇ ਮੂੰਹ ਵਿਚ ਪਾਈ ਤਾਂ ਉਸ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ।
ਇਹ ਵੀ ਪੜ੍ਹੋ: ਮੋਟਰਸਾਈਕਲ ਦੇ ਟਾਇਰ 'ਚ ਚੁੰਨੀ ਫਸਣ ਕਾਰਨ ਹੋਈ ਮੌਤ
ਮਾਪਿਆਂ ਨੇ ਸੰਨਿਧਿਆ ਨੂੰ ਤੁਰਤ ਨਜ਼ਦੀਕੀ ਹਸਪਤਾਲ ਪਹੁੰਚਾਇਆ। ਹਾਲਾਂਕਿ, ਉਨ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਮਾਸੂਮ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਹਸਪਤਾਲ ਵਿਚ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਇਸ ਸਬੰਧੀ ਸਥਾਨਕ ਦਿਹਾਤੀ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
                    
                