-ਜੇਲ ਵਿਚੋਂ ਲਗਾਤਾਰ ਸੰਪਰਕ 'ਚ ਸੀ ਗੈਂਗਸਟਰ ਲਾਰੈਂਸ ਬਿਸ਼ਨੋਈ
-ਗੈਂਗਸਟਰ ਵਿਕਰਮ ਬਰਾੜ ਨੂੰ ਪਹਿਲੀ ਵਾਰ ਦੁਬਈ ਵਿਚ ਮਿਲਿਆ ਸੀ
-ਕਰੀਬ ਡੇਢ ਮਹੀਨੇ ਤਕ ਵਿਕਰਮ ਬਰਾੜ ਦੇ ਫਲੈਟ ਵਿਚ ਰਿਹਾ
-ਕਤਲ ਤੋਂ 20 ਦਿਨ ਪਹਿਲਾਂ ਅਨਮੋਲ ਬਿਸ਼ਨੋਈ ਦੀ ਮਦਦ ਨਾਲ ਫ਼ਰਜ਼ੀ ਪਾਸਪੋਰਟ ਜ਼ਰੀਏ ਹੋਇਆ ਸੀ ਫਰਾਰ
- ਮੂਸੇਵਾਲਾ ਦੇ ਕਤਲ ਲਈ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਕੀਤਾ ਸੀ ਪੈਸੇ ਅਤੇ ਹਥਿਆਰਾਂ ਦਾ ਪ੍ਰਬੰਧ
ਨਵੀਂ ਦਿੱਲੀ : ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਤੋਂ ਭਾਰਤ ਲਿਆਂਦੇ ਗਏ ਗੈਂਗਸਟਰ ਸਚਿਨ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਹਿਰਾਸਤ ਵਿਚ ਕਈ ਵੱਡੇ ਖੁਲਾਸੇ ਕੀਤੇ ਹਨ। ਸਚਿਨ ਨੇ ਪੁੱਛਗਿੱਛ ਦੌਰਾਨ ਦਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਪਲਾਨਿੰਗ ਦੁਬਈ 'ਚ ਕੀਤੀ ਗਈ ਸੀ। ਜਦੋਂ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਰੀ ਵਿਉਂਤਬੰਦੀ ਕੀਤੀ ਜਾ ਰਹੀ ਸੀ, ਉਸ ਸਮੇਂ ਗੈਂਗਸਟਰ ਲਾਰੈਂਸ ਵੀ ਜੇਲ 'ਚੋਂ ਫ਼ੋਨ 'ਤੇ ਉਸ ਨਾਲ ਲਗਾਤਾਰ ਸੰਪਰਕ ਵਿਚ ਸੀ।
ਸਚਿਨ ਨੇ ਪੁਲਿਸ ਨੂੰ ਦਸਿਆ ਕਿ ਉਹ ਗੈਂਗਸਟਰ ਵਿਕਰਮ ਬਰਾੜ ਨੂੰ ਪਹਿਲੀ ਵਾਰ ਦੁਬਈ ਵਿਚ ਮਿਲਿਆ ਸੀ। ਇਸ ਤੋਂ ਬਾਅਦ ਉਹ ਕਰੀਬ ਡੇਢ ਮਹੀਨਾ ਵਿਕਰਮ ਬਰਾੜ ਦੇ ਫਲੈਟ ਵਿਚ ਰਿਹਾ। ਇਥੋਂ ਉਹ ਅਜ਼ਰਬਾਈਜਾਨ ਲਈ ਰਵਾਨਾ ਹੋ ਗਿਆ। ਗੈਂਗਸਟਰ ਸਚਿਨ ਨੇ ਪੁਲਿਸ ਨੂੰ ਦਸਿਆ ਹੈ ਕਿ ਗੋਲਡੀ ਬਰਾੜ ਅਤੇ ਵਿਕਰਮ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਸਾਰੇ ਪੈਸੇ ਅਤੇ ਹਥਿਆਰਾਂ ਦਾ ਇੰਤਜ਼ਾਮ ਕੀਤਾ ਸੀ।
ਇਹ ਵੀ ਪੜ੍ਹੋ: ਦੇਸ਼ ਦੇ 4001 ਵਿਧਾਇਕਾਂ ਦੀ ਜਾਇਦਾਦ 54,545 ਕਰੋੜ ਰੁਪਏ : ADR ਰਿਪੋਰਟ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਲੋਂ ਸਚਿਨ ਨੂੰ ਅਜ਼ਰਬਾਈਜਾਨ ਤੋਂ ਲਿਆਂਦੇ ਜਾਣ ਤੋਂ ਬਾਅਦ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਵਿਚ ਪੇਸ਼ ਕੀਤਾ ਗਿਆ। ਉਥੇ ਅਦਾਲਤ ਨੇ ਸਚਿਨ ਨੂੰ 10 ਦਿਨਾਂ ਲਈ ਪੁਲਿਸ ਰਿਮਾਂਡ ਦੇ ਦਿਤਾ ਹੈ। ਪੁਲਿਸ ਹੁਣ ਸਚਿਨ ਨੂੰ 10 ਦਿਨਾਂ ਬਾਅਦ ਮੁੜ ਅਦਾਲਤ ਵਿਚ ਪੇਸ਼ ਕਰੇਗੀ। ਇਸ ਦੌਰਾਨ ਪੰਜਾਬ ਪੁਲਿਸ ਨੇ ਵੀ ਸਚਿਨ ਦੀ ਹਿਰਾਸਤ ਖ਼ਤਮ ਹੁੰਦੇ ਹੀ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੈਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।
ਮੂਸੇਵਾਲਾ ਕਤਲ ਕੇਸ ਦੀ ਐਫ਼.ਆਈ.ਆਰ. ਅਤੇ ਚਾਰਜਸ਼ੀਟ ਦੋਵਾਂ ਵਿਚ ਉਸ ਦਾ ਨਾਂਅ ਸ਼ਾਮਲ ਹੈ। ਦਿੱਲੀ ਪੁਲਿਸ ਮੁਤਾਬਕ ਸਚਿਨ ਨੇ ਹਰਿਆਣਾ ਦੇ ਉਨ੍ਹਾਂ ਸ਼ੂਟਰਾਂ ਨੂੰ ਬੋਲੇਰੋ ਮੁਹੱਈਆ ਕਰਵਾਈ ਸੀ ਜੋ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਸਨ। ਦਸਿਆ ਜਾ ਰਿਹਾ ਹੈ ਕਿ ਸਚਿਨ ਨੇ ਦੁਬਈ ਸਥਿਤ ਦਿੱਲੀ ਦੇ ਇਕ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਵੀ ਮੰਗੀ ਸੀ। ਕਾਰੋਬਾਰੀ ਦਾ ਨਾਂਅ ਗੈਲਨ ਦਸਿਆ ਜਾ ਰਿਹਾ ਹੈ। ਟੀ-10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੀ ਕਾਲ ਰਿਕਾਰਡਿੰਗ ਚਰਚਾ 'ਚ ਸੀ। ਸਚਿਨ ਨੂੰ ਇਸ ਮਾਮਲੇ 'ਚ ਫੜਿਆ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਸਚਿਨ ਥਾਪਨ ਨੂੰ ਭਾਰਤ ਲਿਆਂਦਾ ਗਿਆ ਸੀ। ਸਚਿਨ ਗੈਂਗਸਟਰ ਲਾਰੈਂਸ ਦਾ ਭਤੀਜਾ ਹੈ। ਉਹ ਮੂਸੇਵਾਲਾ ਕਤਲ ਕਾਂਡ ਦੇ ਸਾਜ਼ਿਸ਼ਕਾਰਾਂ ਵਿਚੋਂ ਇਕ ਹੈ। ਕਤਲ ਤੋਂ ਕੁਝ ਸਮਾਂ ਪਹਿਲਾਂ ਉਹ ਜਾਅਲੀ ਪਾਸਪੋਰਟ 'ਤੇ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵਿਦੇਸ਼ ਭੱਜ ਗਿਆ ਸੀ।
ਇਹ ਵੀ ਪੜ੍ਹੋ: ਬਿਜਲੀ ਦਾ ਝਟਕਾ ਲੱਗਣ ਕਾਰਨ 8 ਮਹੀਨੇ ਦੇ ਮਾਸੂਮ ਦੀ ਮੌਤ
ਗੈਂਗਸਟਰ ਸਚਿਨ ਦਾ ਫ਼ਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਪਤੇ 'ਤੇ ਬਣਿਆ ਸੀ। ਇਸ ਫ਼ਰਜ਼ੀ ਪਾਸਪੋਰਟ 'ਤੇ ਸਚਿਨ ਦਾ ਫ਼ਰਜ਼ੀ ਨਾਂ ਤਿਲਕ ਰਾਜ ਟੁਟੇਜਾ ਲਿਖਿਆ ਹੋਇਆ ਸੀ। ਏਜੰਸੀਆਂ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਪੁਲਿਸ ਨੇ ਜਾਅਲੀ ਪਾਸਪੋਰਟ ਬਣਾਉਣ ਵਾਲੇ ਗੈਂਗਸਟਰਾਂ ਦੇ ਇਕ ਗਰੋਹ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ 'ਚ ਪੁਲਿਸ ਨੇ ਇਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਦਿੱਲੀ ਪੁਲਿਸ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਸਚਿਨ ਨੇ ਕੈਨੇਡਾ 'ਚ ਗੈਂਗ ਚਲਾਉਣ ਵਾਲੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਕਾਲਾ ਜਠੇੜੀ ਅਤੇ ਲਾਰੈਂਸ ਨਾਲ ਗੱਲ ਕਰ ਕੇ ਮੂਸੇਵਾਲਾ ਦਾ ਕਤਲ ਕੀਤਾ ਸੀ, ਜਿਸ 'ਤੇ ਕੇਸ ਦਰਜ ਹੈ। ਇਨ੍ਹਾਂ ਨੇ ਕੋਡ ਵਰਡ ਵਿਚ ਗੱਲ ਕਰ ਕੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ।
ਪੁਲਿਸ ਅਤੇ ਖੁਫੀਆ ਏਜੰਸੀਆਂ ਨੂੰ ਸ਼ੱਕ ਨਾ ਹੋਵੇ, ਇਸ ਲਈ ਸਚਿਨ ਫੋਨ 'ਤੇ ਗੱਲ ਕਰਦੇ ਹੋਏ ਗੈਂਗਸਟਰ ਗੋਲਡੀ ਬਰਾੜ ਨੂੰ 'ਡਾਕਟਰ' ਕਹਿ ਕੇ ਬੁਲਾਉਂਦੇ ਸਨ। ਇਸੇ ਤਰ੍ਹਾਂ ਉਹ ਗੈਂਗਸਟਰ ਕਾਲਾ ਜਠੇੜੀ ਨੂੰ ‘ਅਲਫਾ’ ਕਹਿ ਕੇ ਬੁਲਾਉਂਦੇ ਸਨ। ਉਹ ਆਪਣੇ ਗੁਰਗਿਆਂ ਰਾਹੀਂ ਲਾਰੈਂਸ ਨਾਲ ਗੱਲਾਂ ਕਰਦਾ ਸੀ।
ਸਚਿਨ ਨੇ ਸਭ ਤੋਂ ਪਹਿਲਾਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਉਸ ਨੇ ਵੀਡੀਉ ਕਾਲ 'ਤੇ ਦਾਅਵਾ ਕੀਤਾ ਸੀ ਕਿ ਉਸ ਨੇ ਮੂਸੇਵਾਲਾ ਨੂੰ ਮਾਰਿਆ ਸੀ। ਉਸ ਨੇ ਹੀ ਸ਼ੂਟਰਾਂ ਨੂੰ ਕਿਰਾਏ 'ਤੇ ਲਿਆ ਸੀ।