ਮੀਟਿੰਗ 'ਚ ਚੀਨ ਅਤੇ ਪਾਕਿ ਰੱਖਿਆ ਮੰਤਰੀ ਵੀ ਹੋਣਗੇ ਸ਼ਾਮਲ
ਨਵੀਂ ਦਿੱਲੀ : ਚੀਨ ਵਲੋਂ ਭਾਰਤੀ ਸਰਹੱਦ ਅੰਦਰ ਵਾਰ-ਵਾਰ ਘੁਸਮੈਠ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ਖਿਲਾਫ਼ ਸਖ਼ਤ ਰੁਖ ਅਪਨਾਉਂਦਿਆਂ ਸਖ਼ਤ ਸੁਨੇਹਾ ਦੇਣ ਦਾ ਫ਼ੈਸਲਾ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੰਘਾਈ ਸਹਿਯੋਗ ਸੰਗਠਨ ( SCO) ਦੀ ਅਹਿਮ ਬੈਠਕ ਵਿਚ ਹਿੱਸਾ ਲੈਣ ਲਈ ਅੱਜ ਨੂੰ ਰੂਸ ਲਈ ਰਵਾਨਾ ਹੋ ਗਏ।
ਸੂਤਰਾਂ ਮੁਤਾਬਕ ਇਸ ਦੌਰਾਨ ਰਾਜਨਾਥ ਸਿੰਘ ਦਾ ਚੀਨੀ ਸਮਾਨ ਵਲੋਂ ਮੁਲਾਕਾਤ ਦਾ ਕੋਈ ਪ੍ਰੋਗਰਾਮ ਨਹੀਂ ਹੈ। ਰਾਜਨਾਥ ਸਿੰਘ ਨੇ ਚੀਨੀ ਹਮਰੁਤਬਾ ਨਾਲ ਮਿਲਣ ਤੋਂ ਨਾਂਹ ਕਰ ਦਿਤੀ ਹੈ। ਚੀਨ ਨਾਲ ਤਾਜ਼ਾ ਟਕਰਾਅ ਤੋਂ ਬਾਅਦ ਭਾਰਤ ਅਤੇ ਚੀਨ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਹੋ ਰਹੀ ਹੈ। ਮੀਟਿੰਗ ਵਿਚ ਭਾਰਤ ਦਾ ਤਰਜਮਾਨੀ ਫ਼ੌਜ ਦੇ ਬ੍ਰਿਗੇਡ ਕਮਾਂਡਰ ਕਰਨਗੇ ।
ਮੰਗਲਵਾਰ ਨੂੰ ਵੀ ਬ੍ਰਿਗੇਡ ਕਮਾਂਡਰ ਪੱਧਰ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਹੋਈ ਸੀ। ਕਾਬਲੇਗੌਰ ਹੈ ਕਿ ਚੀਨ ਦੀ ਫ਼ੌਜ ਦੇ 29-30 ਅਗਸਤ ਦੀ ਰਾਤ ਨੂੰ ਪੈਂਗੋਂਗ ਝੀਲ ਦੇ ਦੱਖਣ ਬੈਂਕ ਇਲਾਕੇ ਅੰਦਰ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ ਪਰ ਭਾਰਤੀ ਫ਼ੌਜ ਨੇ ਚੀਨ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦਿੰਦਿਆਂ ਚੀਨੀ ਫ਼ੌਜੀਆਂ ਨੂੰ ਖਦੇੜ ਦਿਤਾ ਸੀ।
ਇਸੇ ਦੌਰਾਨ ਬੁੱਧਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਰੂਸ ਲਈ ਰਵਾਨਾ ਹੋ ਗਏ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਸੰਗਠਨ ਦੇ ਦੋ ਪ੍ਰਮੁੱਖ ਮੈਂਬਰ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਅਪਣੀ ਚਰਮ-ਸੀਮਾ 'ਤੇ ਪਹੁੰਚ ਚੁੱਕਾ ਹੈ। ਅਧਿਕਾਰੀਆਂ ਮੁਤਾਬਕ 4 ਸਤੰਬਰ ਨੂੰ ਹੋਣ ਵਾਲੀ ਐਸਸੀਓ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਇਲਾਵਾ ਰਾਜਨਾਥ ਸਿੰਘ ਅਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਅਤੇ ਕਈ ਹੋਰ ਉੱਚ ਫ਼ੌਜੀ ਅਧਿਕਾਰੀਆਂ ਨਾਲ ਦੁਵੱਲਾ ਫ਼ੌਜੀ ਸਹਿਯੋਗ ਵਧਾਉਣ ਸਬੰਧੀ ਗੱਲਬਾਤ ਕਰਨਗੇ ।
ਮੀਟਿੰਗ 'ਚ ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੇਂਘੇ ਤੋਂ ਇਲਾਵਾ ਪਾਕਿਸਤਾਨ ਦੇ ਰੱਖਿਆ ਮੰਤਰੀ ਪਰਵੇਜ਼ ਖੜਕ ਵੀ ਹਿੱਸਾ ਲੈ ਰਹੇ ਹਨ। ਰੱਖਿਆ ਮੰਤਰੀ ਦੀ ਇਹ ਯਾਤਰਾ ਰੂਸ ਵਿਚ ਦੁਵੱਲੇ ਲੜਾਈ ਅਭਿਆਸ ਵਿਚ ਹਿੱਸਾ ਲੈਣ ਤੋਂ ਭਾਰਤ ਦੇ ਪਿੱਛੇ ਹਟਣ ਦੇ ਕੁੱਝ ਦਿਨ ਬਾਅਦ ਹੋ ਰਹੀ ਹੈ ਜਿਸ ਵਿਚ ਚੀਨੀ ਅਤੇ ਪਾਕਿਸਤਾਨੀ ਸੈਨਿਕਾਂ ਦੇ ਵੀ ਹਿੱਸਾ ਲੈਣ ਦੀ ਉਮੀਦ ਹੈ।