
ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ
ਤਾਮਿਲਨਾਡੂ: ਚੋਰਾਂ ਦੇ ਚੋਰੀ ਕਰਨ ਦੇ ਬਹੁਤ ਢੰਗ ਦੇਖੇ ਪਰ ਤਾਮਿਲਨਾਡੂ ’ਚ ਇੱਕ ਚੋਰ ਗਿਰੋਹ ਦੇ ਤਿੰਨ ਲੋਕਾਂ ਨੇ ਇੱਕ ਪੂਰਾ ਮੋਬਾਈਲ ਟਾਵਰ ਹੀ ਚੋਰੀ ਕਰ ਲਿਆ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਹ ਘਟਨਾ ਸਲੇਮ ਜ਼ਿਲ੍ਹੇ ਦੇ ਵਾਜਪੜੀ ਇਲਾਕੇ ਦੀ ਹੈ।
ਪੁਲਿਸ ਅਨੁਸਾਰ ਇਸ ਗਿਰੋਹ ਨੇ ਮੋਬਾਈਲ ਟਾਵਰ ਤੋੜ ਕੇ ਇਸ ਦੇ ਪੁਰਜ਼ੇ ਕਬਾੜੀਏ ਨੂੰ 6 ਲੱਖ 40 ਹਜ਼ਾਰ ਰੁਪਏ ਵਿਚ ਵੇਚ ਦਿੱਤੇ। ਇਸ ਚੋਰੀ ਵਿਚ ਹੋਰ ਵੀ ਲੋਕ ਸ਼ਾਮਲ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ 10 ਟਨ ਲੋਹਾ ਅਤੇ ਇੱਕ ਜਨਰੇਟਰ ਵੀ ਬਰਾਮਦ ਹੋਇਆ ਹੈ।
ਜਾਣਕਾਰੀ ਅਨੁਸਾਰ ਸਾਲ 2000 'ਚ ਏਅਰਸੈੱਲ ਕੰਪਨੀ ਨੇ ਸੁਬਰਾਮਨੀਅਮ ਨਾਂ ਦੇ ਵਿਅਕਤੀ ਦੇ ਖੇਤ ’ਚ ਇਹ ਟਾਵਰ ਲਗਾਇਆ ਸੀ। ਏਅਰਸੈੱਲ ਨੇ 2017 ਤੱਕ ਖੇਤ ਦੇ ਮਾਲਕ ਨੂੰ ਕਿਰਾਇਆ ਅਦਾ ਕੀਤਾ। ਬਾਅਦ ਵਿਚ GTL ਨਾਂ ਦੀ ਕੰਪਨੀ ਨੇ ਟਾਵਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਟਾਵਰ ਦਾ ਰੱਖ ਰਖਾਵ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ 2019 ਤੋਂ ਬਾਅਦ GTL ਕੰਪਨੀ ਨੇ ਖੇਤ ਦਾ ਕਿਰਾਇਆ ਦੇਣਾ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਟਾਵਰ ਜਿਉਂ ਦਾ ਤਿਉਂ ਖੜ੍ਹਾ ਰਿਹਾ ਤੇ ਚੋਰਾਂ ਨੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਟਾਵਰ ਚੋਰੀ ਕਰਨ ਦੀ ਯੋਜਨਾ ਬਣਾਈ। ਪੁਲਿਸ ਮੁਤਾਬਕ ਏਅਰਸੈੱਲ ਦਾ ਪੁਰਾਣਾ ਕਰਮਚਾਰੀ ਸ਼ਨਮੁਗਮ ਇਸ ਪੂਰੀ ਯੋਜਨਾ ਦਾ ਮਾਸਟਰਮਾਈਂਡ ਸੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ ਮਹੀਨੇ ਵਿਚ ਚੋਰ ਫ਼ਰਜ਼ੀ ਦਸਤਾਵੇਜ਼ ਲੈ ਕੇ ਮੋਬਾਈਲ ਕੰਪਨੀ ਦੇ ਅਧਿਕਾਰੀ ਬਣ ਕੇ ਖੇਤ ਦੇ ਮਾਲਕ ਕੋਲ ਪਹੁੰਚੇ। ਗਿਰੋਹ ਨੇ ਖੇਤ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਜਾਅਲੀ ਦਸਤਾਵੇਜ਼ ਦਿਖਾ ਕੇ ਟਾਵਰ ਤੋੜ ਦਿੱਤਾ। ਚੋਰੀ ਦਾ ਉਦੋਂ ਪਤਾ ਲੱਗਿਆ ਜਦੋਂ ਟਾਵਰ ਦੀ ਸਾਂਭ-ਸੰਭਾਲ ਕਰਨ ਵਾਲੀ ਇੱਕ ਨਿੱਜੀ ਕੰਪਨੀ ਦੇ ਕਰਮਚਾਰੀਆਂ ਨੂੰ ਟਾਵਰ ਦੇ ਗ਼ਾਇਬ ਹੋਣ ਦੀ ਸੂਚਨਾ ਮਿਲੀ। ਇਸ ਮਾਮਲੇ ਦੀ ਸ਼ਿਕਾਇਤ 29 ਜੁਲਾਈ ਨੂੰ ਦਰਜ ਕੀਤੀ ਗਈ ਸੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ “ਜਾਅਲੀ ਦਸਤਾਵੇਜ਼ ਵਿਚ ਏਅਰਸੈੱਲ ਦਾ ਲੋਗੋ ਅਤੇ ਸੀਲ ਸੀ, ਜਿਸ ਨਾਲ ਫਾਰਮ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਯਕੀਨ ਹੋ ਗਿਆ ਕਿ ਇਹ ਲੋਕ ਕੰਪਨੀ ਦੇ ਹਨ। ਟਾਵਰ ਨੂੰ ਦੋ ਦਿਨਾਂ ਤੋਂ ਵੀ ਘੱਟ ਸਮੇਂ ਵਿਚ ਢਾਹ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਟਾਵਰ ਦੇ ਪੁਰਜ਼ੇ ਲਿਜਾਣ ਲਈ ਟਰੱਕ ਦੀ ਵਰਤੋਂ ਕੀਤੀ। ਇਸ ਗਿਰੋਹ ਨੇ ਚੋਰੀ ਨੂੰ ਅੰਜਾਮ ਦੇਣ ਲਈ ਕਰੀਬ ਇੱਕ ਮਹੀਨੇ ਤੱਕ ਕੰਮ ਕੀਤਾ।"
ਕਰੀਬ ਇੱਕ ਮਹੀਨੇ ਬਾਅਦ 28 ਅਗਸਤ ਦਿਨ ਐਤਵਾਰ ਨੂੰ ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਫੜ ਲਿਆ। ਫ਼ਿਲਹਾਲ ਤਿੰਨਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।