
ਬਾਲੀਵੁੱਡ ਫ਼ਿਲਮ ਦੇ ਇਕ ਕਿਰਦਾਰ ਤੋਂ ਪ੍ਰਭਾਵਤ ਸਨ ਗੈਂਗ ਮੈਂਬਰ
ਨਵੀਂ ਦਿੱਲੀ: ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਮੈਨੇਜਰ ਦੇ ਕਥਿਤ ਕਤਲ ਕੇਸ ’ਚ ਲੋੜੀਂਦੇ ਪੰਜਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲੀਸ ਨੇ ਦਸਿਆ ਕਿ ਮੁਲਜ਼ਮ ਦੀ ਪਛਾਣ ਅਦਨਾਨ (23) ਵਾਸੀ ਸੁਭਾਸ਼ ਮੁਹੱਲਾ, ਭਜਨਪੁਰਾ ਵਜੋਂ ਹੋਈ ਹੈ ਅਤੇ ਉਹ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲਿਆਂ ’ਚ ਸ਼ਾਮਲ ਰਿਹਾ ਹੈ।
ਵਿਸ਼ੇਸ਼ ਪੁਲਿਸ ਕਮਿਸ਼ਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਦਸਿਆ ਕਿ ਪੁਲਿਸ ਨੇ ਅਦਨਾਨ ਨੂੰ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸਦਰ ਬਾਜ਼ਾਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦਸਿਆ ਕਿ ਇਸ ਤੋਂ ਪਹਿਲਾਂ ਇਕ ਗਰੋਹ ਦੇ ਚਾਰ ਮੈਂਬਰਾਂ ਸੋਹੇਲ (23), ਜ਼ੁਬੈਰ (23), ਮੁਹੰਮਦ ਸਮੀਰ ਉਰਫ਼ ਮਾਇਆ (18) ਅਤੇ ਬਿਲਾਲ ਗਨੀ (18) ਨੂੰ ਕਤਲ ਦੇ ਸਬੰਧ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਹਰਪ੍ਰੀਤ ਗਿੱਲ (36) ਅਤੇ ਉਸ ਦੇ ਮਾਮਾ ਗੋਵਿੰਦ ਸਿੰਘ (32) ਨੂੰ 29 ਅਗੱਸਤ ਦੀ ਰਾਤ ਨੂੰ ਸੁਭਾਸ਼ ਵਿਹਾਰ ਇਲਾਕੇ ’ਚ ਰਾਤ 11.30 ਵਜੇ ਦੇ ਕਰੀਬ ਉਸ ਵੇਲੇ ਗੋਲੀ ਮਾਰ ਦਿਤੀ ਗਈ ਜਦੋਂ ਉਹ ਮੋਟਰਸਾਈਕਲ ’ਤੇ ਜਾ ਰਹੇ ਸਨ। ਹਮਲੇ ’ਚ ਦੋਵੇਂ ਜ਼ਖਮੀ ਹੋ ਗਏ ਅਤੇ ਗਿੱਲ ਨੂੰ ਹਸਪਤਾਲ ਲਿਜਾਣ ’ਤੇ ਮ੍ਰਿਤਕ ਐਲਾਨ ਦਿਤਾ ਗਿਆ।
ਪੁਲਸ ਨੇ ਦਸਿਆ ਕਿ ਮੁਲਜ਼ਮ ਉੱਤਰੀ ਘੋਂਡਾ, ਭਜਨਪੁਰਾ ’ਚ ਪਾਰਟੀ ਕਰ ਰਹੇ ਸਨ ਅਤੇ ਰਾਤ ਕਰੀਬ 10.30 ਵਜੇ ਉਨ੍ਹਾਂ ਨੇ ਦੋ ਸਕੂਟਰਾਂ ’ਤੇ ਘੁੰਮਣ ਦਾ ਫੈਸਲਾ ਕੀਤਾ। ਪੁਲਿਸ ਨੇ ਕਿਹਾ ਕਿ ਉਹ ਕੁਝ ਥਾਵਾਂ ’ਤੇ ਰੁਕੇ ਅਤੇ ਆਖਰਕਾਰ ਇੱਕ ਤੰਗ ਗਲੀ ਜਾਣ ਲੱਗੇ।
ਪੁਲਿਸ ਨੇ ਦਸਿਆ ਕਿ ਗੋਵਿੰਦ ਸਿੰਘ ਅਤੇ ਹਰਪ੍ਰੀਤ ਗਿੱਲ ਵੀ ਉਸੇ ਗਲੀ ’ਤੇ ਮੋਟਰਸਾਈਕਲ ’ਤੇ ਸਵਾਰ ਨਿਕਲ ਰਹੇ ਸਨ ਅਤੇ ਦੋਵੇਂ ਚਾਹੁੰਦੇ ਸਨ ਕਿ ਮੁਲਜ਼ਮ ਰੁਕਣ ਅਤੇ ਉਨ੍ਹਾਂ ਨੂੰ ਰਸਤਾ ਦੇਣ। ਪੁਲਿਸ ਨੇ ਦਸਿਆ ਕਿ ਗਨੀ ਅਤੇ ਉਸ ਦੇ ਸਾਥੀ ਹਮਲਾਵਰ ਹੋ ਗਏ ਅਤੇ ਜ਼ੁਬੈਰ ਨੇ ਗੋਵਿੰਦ ਸਿੰਘ ਨੂੰ ਥੱਪੜ ਮਾਰ ਦਿਤਾ।
ਪੁਲੀਸ ਨੇ ਦਸਿਆ ਕਿ ਜਦੋਂ ਹਰਪ੍ਰੀਤ ਗਿੱਲ ਅਤੇ ਗੋਵਿੰਦ ਸਿੰਘ ਨੇ ਮੁਲਜ਼ਮਾਂ ਨਾਲ ਗੱਲ ਕਰਨ ਲਈ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਸਮੀਰ ਨੇ ਉਨ੍ਹਾਂ ਦੇ ਸਿਰ ’ਤੇ ਗੋਲੀ ਚਲਾ ਦਿਤੀ।
ਪੁਲਿਸ ਨੇ ਦਸਿਆ ਕਿ ਗੋਵਿੰਦ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਹ ਅਪਣੇ ਘਰ ਆਰਾਮ ਕਰ ਰਿਹਾ ਹੈ। ਪੁਲਿਸ ਦੇ ਅਨੁਸਾਰ, ਅਪਰਾਧ ਕਰਨ ਤੋਂ ਪਹਿਲਾਂ, ਗਰੋਹ ਇੰਸਟਾਗ੍ਰਾਮ ’ਤੇ ਲਾਈਵ ਹੋ ਜਾਂਦਾ ਸੀ ਅਤੇ ਭਵਿੱਖ ’ਚ ਅਪਰਾਧ ਕਰਨ ਦੀਆਂ ਅਪਣੀਆਂ ਯੋਜਨਾਵਾਂ ਬਾਰੇ ਸ਼ੇਖੀ ਮਾਰਦਾ ਸੀ। ਗੈਂਗ ਦੇ ਮੈਂਬਰ ਬਾਲੀਵੁੱਡ ਫਿਲਮ ‘ਸ਼ੂਟਆਊਟ ਐਟ ਲੋਖੰਡਵਾਲਾ’ ਦੇ ਫਿਲਮੀ ਕਿਰਦਾਰ ‘ਮਾਇਆ ਭਾਈ’ ਤੋਂ ਪ੍ਰੇਰਿਤ ਸਨ।