ਧਰਤੀ ’ਤੇ ਰੋਜ਼ ਸੂਰਜ ਦੀਆਂ 1440 ਤਸਵੀਰਾਂ ਭੇਜੇਗਾ ‘ਆਦਿਤਿਆ ਐੱਲ1’ ’ਤੇ ਲੱਗਾ ਪ੍ਰਮੁੱਖ ਉਪਕਰਨ ਵੀ.ਈ.ਐਲ.ਸੀ.

By : BIKRAM

Published : Sep 2, 2023, 6:14 pm IST
Updated : Sep 2, 2023, 6:14 pm IST
SHARE ARTICLE
Aditya L1
Aditya L1

ਸੂਰਜ ਦੇ ਰਹੱਸਾਂ ਤੋਂ ਪਰਦਾ ਚੁੱਕਣ ਵਾਲਾ ‘ਆਦਿਤਿਆ ਐੱਲ1’ ਸਫ਼ਲ ਸਫ਼ਲਤਾਪੂਰਵਕ ਲਾਂਚ

125 ਦਿਨਾਂ ਦਾ ਸਫ਼ਰ ਪੂਰਾ ਕਰ ਕੇ ‘ਲੈਂਗਰੇਜਿਅਨ ਬਿੰਦੂ ‘ਐਲ1’ ਦੇ ਚੱਕਰ ਕਟਦਾ ਹੋਇਆ ਸੂਰਜ ’ਤੇ ਹੋਣ ਵਾਲੀਆਂ ਵੱਖੋ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ

ਸ੍ਰੀਹਰੀਕੋਟਾ (ਆਂਧਰ ਪ੍ਰਦੇਸ਼): ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੁਝ ਦਿਨ ਪਹਿਲਾਂ ਚੰਦਰਮਾ ’ਤੇ ਸਫ਼ਲ ‘ਸਾਫ਼ਟ ਲੈਂਡਿੰਗ’ ਕਰਨ ਤੋਂ ਬਾਅਦ ਇਕ ਵਾਰੀ ਫਿਰ ਇਤਿਹਾਸ ਰਚਣ ਦੇ ਉਦੇਸ਼ ਨਾਲ ਸਨਿਚਰਵਾਰ ਨੂੰ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ‘ਆਦਿਤਿਆ ਐਲ1’ ਨੂੰ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਫ਼ਲਤਾਪੂਰਵਕ ਲਾਂਚ ਕਰ ਦਿਤਾ। 

ਇਸਰੋ ਨੇ ਕਿਹਾ ਕਿ ਸੱਤ ਪੇਲੋਡ ਵਾਲਾ ਆਦਿਤਿਆ-ਐਲ1 ਪੀ.ਐੱਸ.ਐਲ.ਵੀ. ਰਾਕੇਟ ਤੋਂ ਸਫ਼ਲਤਾਪੂਰਵਕ ਵੱਖ ਹੋ ਗਿਆ ਹੈ। ਭਾਰਤ ਦਾ ਇਹ ਮਿਸ਼ਨ ਸੂਰਜ ਨਾਲ ਸਬੰਧਤ ਰਹੱਸਾਂ ਤੋਂ ਪਰਦਾ ਹਟਾਉਣ ’ਚ ਮਦਦ ਕਰੇਗਾ। 

ਇਸਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਉਂ ਹੀ 23:40 ਘੰਟੇ ਦੀ ਉਲਟੀ ਗਿਣਤੀ ਖ਼ਤਮ ਹੋਈ, 44.4 ਮੀਟਰ ਲੰਮਾ ਧਰੁਵੀ ਉਪਗ੍ਰਹਿ ਲਾਂਚ ਵਹੀਕਲ (ਪੀ.ਐਸ.ਐਲ.ਵੀ.) ਚੇਨਈ ਤੋਂ ਲਗਭਗ 135 ਕਿਲੋਮੀਟਰ ਦੂਰ ਸ੍ਰੀਹਰੀਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਵੇਰੇ 11:50 ਵਜੇ ਨਿਰਧਾਰਤ ਸਮੇਂ ’ਤੇ ਸ਼ਾਨਦਾਰ ਢੰਗ ਨਾਲ ਆਸਮਾਨ ਵਲ ਰਵਾਨਾ ਹੋਇਆ। 

ਇਸਰੋ ਅਨੁਸਾਰ, ‘ਆਦਿਤਿਆ-ਐਲ1’ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਤ ਨਿਰੀਖਣਸ਼ਾਲਾ ਹੈ। ਇਹ ਪੁਲਾੜ ਜਹਾਜ਼ 125 ਦਿਨਾਂ (ਲਗਭਗ ਚਾਰ ਮਹੀਨੇ) ’ਚ ਪ੍ਰਿਥਵੀ ਤੋਂ ਲਗਭਗ 15 ਲੱਖ ਕਿਲੋਮੀਟਰ ਲੰਮਾ ਸਫ਼ਰ ਕਰਨ ਮਗਰੋਂ ਲੈਂਗਰੇਜੀਅਨ ਬਿੰਦੂ ‘ਐਲ1’ ਦੇ ਆਸਪਾਸ ਇਕ ਪ੍ਰਭਾਮੰਡਲ ਆਰਬਿਟ ’ਚ ਸਥਾਪਤ ਹੋਵੇਗਾ, ਜਿਸ ਨੂੰ ਸੂਰਜ ਦੇ ਸਭ ਤੋਂ ਨੇੜੇ ਮੰਨਿਆ ਜਾਂਦਾ ਹੈ। ਇਹ ਉਥੋਂ ਸੂਰਜ ’ਤੇ ਹੋਣ ਵਾਲੀਆਂ ਵੱਖੋ-ਵੱਖ ਘਟਨਾਵਾਂ ਦਾ ਅਧਿਐਨ ਕਰੇਗਾ। 

ਪਿਛਲੇ ਮਹੀਨੇ 23 ਅਗੱਸਤ ਨੂੰ ਚੰਨ ਦੇ ਦਖਣੀ ਧਰੁਵ ਨੇੜੇ ‘ਸਾਫ਼ਟ ਲੈਂਡਿੰਗ’ ’ਚ ਸਫ਼ਲਤਾ ਪ੍ਰਾਪਤ ਕਰ ਕੇ ਭਾਰਤ ਅਜਿਹਾ ਮੀਲ ਦਾ ਪੱਥਰ ਸਰ ਕਰਨ ਵਾਲਾ ਦੁਨੀਆਂ ਦਾ ਪਹਿਲਾ ਅਤੇ ਹੁਣ ਤਕ ਦਾ ਇਕੋ-ਇਕ ਦੇਸ਼ ਬਣ ਗਿਆ ਹੈ। 

‘ਆਦਿਤਿਆ ਐਲ1’ ਸੂਰਜ ਦੇ ਰਹੱਸ ਜਾਣਨ ਲਈ ਵੱਖੋ-ਵੱਖ ਕਿਸਮ ਦੇ ਵਿਗਿਆਨਕ ਅਧਿਐਨ ਕਰਨ ਦੇ ਨਾਲ ਹੀ ਵਿਸ਼ਲੇਸ਼ਣ ਲਈ ਇਸ ਦੀਆਂ ਤਸਵੀਰਾਂ ਵੀ ਧਰਤੀ ’ਤੇ ਭੇਜੇਗਾ।

ਕੀ ਹੁੰਦੈ ਲੈਂਗਰੇਜੀਅਨ ਬਿੰਦੂ, ਜਿਸ ਦਾ ਚੱਕਰ ਕੱਟੇਗਾ ਆਦਿਤਿਆ-ਐਲ1 

ਵਿਗਿਆਨੀਆਂ ਮੁਤਾਬਕ ਪ੍ਰਿਥਵੀ ਅਤੇ ਸੂਰਜ ਵਿਚਕਾਰ ਪੰਜ ‘ਲੈਂਗਰੇਜੀਅਨ’ ਬਿੰਦੂ (ਜਾਂ ਪਾਰਕਿੰਗ ਖੇਤਰ) ਹਨ, ਜਿੱਥੇ ਪਹੁੰਚਣ ’ਤੇ ਕੋਈ ਵਸਤੂ ਨਾ ਧਰਤੀ ਵਲ ਖਿੱਚੀ ਜਾਂਦੀ ਹੈ ਅਤੇ ਨਾ ਹੀ ਸੂਰਜ ਵਲ। ਲੈਂਗਰੇਂਜ ਬਿੰਦੂਆਂ ਦਾ ਨਾਂ ਇਤਾਲਵੀ-ਫ਼ਰਾਂਸੀਸੀ ਗਣਿਤ ਮਾਹਰ ਜੋਸੇਫ਼-ਲੂਈ ਲੈਂਗਰੇਂਜ ਦੇ ਨਾਂ ’ਤੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਸ ਦੇ ਖੋਜ ਪੱਤਰ-‘ਐਸੇ ਸੁਰ ਲੇ ਪ੍ਰੋਲੇਮ ਡੇਸ ਟ੍ਰੋਈਸ ਕੋਰਪਸ, 1772’ ਦੇ ਲਈ ਰਖਿਆ ਗਿਆ ਹੈ। 

ਲੈਂਗਰੇਂਜ ਬਿੰਦੂ ’ਤੇ ਸੂਰਜ ਅਤੇ ਪ੍ਰਿਥਵੀ ਵਿਚਕਾਰ ਗੁਰੂਤਾਆਕਰਸ਼ਣ ਬਲ ਸੰਤੁਲਿਤ ਹੁੰਦਾ ਹੈ, ਜਿਸ ਨਾਲ ਕਿਸੇ ਉਪਗ੍ਰਹਿ ਨੂੰ ਇਸ ਬੰਦੂ ’ਤੇ ਰੋਕਣ ’ਚ ਆਸਾਨੀ ਹੁੰਦੀ ਹੈ। ਸੂਰਜ ਮਿਸ਼ਨ ਨੂੰ ‘ਆਦਿਤਿਆ ਐਲ-1’ ਨਾਂ ਇਸ ਲਈ ਦਿਤਾ ਗਿਆ ਹੈ, ਕਿਉਂਕਿ ਇਹ ਪ੍ਰਿਥਵੀ ਤੋਂ 15 ਲੱਖ ਕਿਲੋਮੀਟਰ ਦੂਰ ਲੈਂਗਰੇਂਜੀਅਨ ਬਿੰਦੂ1 (ਐਲ1) ਖੇਤਰ ’ਚ ਰਹਿ ਕੇ ਅਪਣੇ ਅਧਿਐਨ ਕੰਮ ਨੂੰ ਅੰਜਾਮ ਦੇਵੇਗਾ। 

ਆਖ਼ਰ ਕਿਉਂ ਕੀਤਾ ਜਾ ਰਿਹੈ ਸੂਰਜ ਦਾ ਅਧਿਐਨ?
ਸੂਰਜ ਦਾ ਅਧਿਐਨ ਕਰਨ ਦਾ ਕਾਰਨ ਦਸਦਿਆਂ ਇਸਰੋ ਨੇ ਕਿਹਾ ਕਿ ਇਹ ਵੱਖੋ-ਵੱਖ ਊਰਜਾ ਕਣਾਂ ਅਤੇ ਚੁੰਬਕੀ ਖੇਤਰਾਂ ਦੇ ਨਾਲ-ਨਾਲ ਲਗਭਗ ਸਾਰੀਆਂ ਤਰੰਗ ਲੰਬਾਈਆਂ ’ਚ ਕਿਰਨਾਂ ਛਡਦਾ ਹੈ। 

ਪ੍ਰਿਥਵੀ ਦਾ ਵਾਤਾਵਰਨ ਅਤੇ ਉਸ ਦਾ ਚੁੰਬਕੀ ਖੇਤਰ ਇਕ ਸੁਰਖਿਆ ਕਵਚ ਦੇ ਰੂਪ ’ਚ ਕੰਮ ਕਰਦਾ ਹੈ ਅਤੇ ਹਾਨੀਕਾਰਕ ਤਰੰਗ ਲੰਬਾਈਆਂ ਨੂੰ ਰੋਕਦਾ ਹੈ। ਅਜਿਹੇ ’ਚ ਕਿਰਨਾਂ ਦਾ ਪਤਾ ਕਰਨ ਲਈ ਪੁਲਾੜ ਤੋਂ ਸੂਰਜ ਅਧਿਐਨ ਕੀਤਾ ਜਾਂਦਾ ਹੈ। 

ਮਿਸ਼ਨ ਦੇ ਮੁੱਖ ਉਦੇਸ਼ਾਂ ’ਚ ਸੂਰਜ ਦੇ ਪਰਿਮੰਡਲ ਦੀ ਗਰਮੀ ਅਤੇ ਸੂਰਜੀ ਹਵਾ, ਸੂਰਜ ’ਤੇ ਆਉਣ ਵਾਲੇ ਭੂਚਾਲ ਜਾਂ ‘ਕੋਰੋਨਲ ਮਾਸ ਇਜੈਕਸ਼ਨ’ (ਸੀ.ਐਮ.ਈ.), ਪ੍ਰਿਥਵੀ ਦੇ ਨੇੜੇ ਪੁਲਾੜ ਮੌਸਮ ਆਦਿ ਦਾ ਅਧਿਐਨ ਕਰਨਾ ਸ਼ਾਮਲ ਹੈ। 

ਅਪਣੇ ਨਾਲ ਸੱਤ ਵਿਗਿਆਨਕ ਉਪਕਰਨ ਲੈ ਕੇ ਗਿਆ ਹੈ ਆਦਿਤਿਆ ਐਲ-1

ਉਪਗ੍ਰਹਿ ਅਪਣੇ ਨਾਲ ਸੱਤ ਪੇਲੋਡ (ਵਿਗਿਆਨਕ ਉਪਕਰਨ) ਲੈ ਕੇ ਗਿਆ ਹੈ। ਇਸ ’ਚ ‘ਵਿਜ਼ੀਬਲ ਇਮੀਸ਼ਨ ਲਾਈਨ ਕੋਰੋਨਾਗ੍ਰਾਫ਼’ (ਵੀ.ਈ.ਐਲ.ਸੀ.) ਸੂਰਜ ਦੇ ਪਰਿਮੰਡਲ ਅਤੇ ਸੀ.ਐਮ.ਈ. ਦੀ ਗਤੀਸ਼ੀਲਤਾ ਦਾ ਅਧਿਐਨ ਕਰੇਗਾ। 

ਵੀ.ਈ.ਐਲ.ਸੀ. ਆਦਿਤਿਆ-ਐਲ1 ਦਾ ਪ੍ਰਮੁੱਖ ਉਪਕਰਨ ਹੈ, ਜੋ ਇੱਛਤ ਆਰਬਿਟ ’ਚ ਪੁੱਜਣ ’ਤੇ ਵਿਸ਼ਲੇਸ਼ਣ ਲਈ ਹਰ ਰੋਜ਼ 1440 ਤਸਵੀਰਾਂ ਧਰਤੀ ’ਤੇ ਸਥਿਤ ਕੇਂਦਰ ਨੂੰ ਭੇਜੇਗਾ। ਇਹ ਆਦਿਤਿਆ-ਐਲ1 ’ਤੇ ਮੌਜੂਦ ‘ਸਭ ਤੋਂ ਵੱਡਾ ਅਤੇ ਤਕਨੀਕੀ ਰੂਪ ’ਚ ਸਭ ਤੋਂ ਚੁਨੌਤੀਪੂਰਨ’ ਉਪਕਰਨ ਹੈ। 

‘ਦ ਸੋਲਰ ਅਲਟਰਾਵਾਈਲੇਟ ਇਮੇਜਿੰਗ ਟੈਲੀਸਕੋਪ’ ਸੂਰਜ ਦੇ ਪ੍ਰਕਾਸ਼ ਮੰਡਲ ਅਤੇ ਵਰਣਮੰਡਲ ਦੀਆਂ ਤਸਵੀਰਾਂ ਲਵੇਗਾ ਅਤੇ ਸੂਰਜੀ ਕਿਰਨਾਂ ਵੰਨ-ਸੁਵੰਨਤਾਵਾਂ ਨੂੰ ਮਾਪੇਗਾ। 

‘ਆਦਿਤਿਆ ਸੋਲ ਵਿੰਡ ਪਾਰਟੀਕਲ ਐਕਸਪੇਰੀਮੈਂਟ’ (ਏ.ਐੱਸ.ਪੀ.ਈ.ਐਕਸ.) ਅਤੇ ‘ਪਲਾਜ਼ਮਾ ਐਨਾਲਾਈਜ਼ਰ ਪੈਕੇਜ ਫ਼ਾਰ ਆਦਿਤਿਆ’ (ਪੀ.ਏ.ਪੀ.ਏ.) ਨਾਮਕ ਉਪਕਰਨ ਸੂਰਜੀ ਪੌਣ ਅਤੇ ਊਰਜਾ ਆਇਨ ਦੇ ਨਾਲ-ਨਾਲ ਊਰਜਾ ਵੰਡ ਦਾ ਅਧਿਐਨ ਕਰਨਗੇ। 

‘ਸੋਲ ਲੋਕ ਐਨਰਜੀ ਐਕਸ-ਰੇ ਸਪੈਕਟ੍ਰੋਮੀਟਰ’ ਅਤੇ ‘ਹਾਈ ਐਨਰਜੀ ਐਲ1 ਆਰਬੀਟਿੰਗ ਐਕਸ-ਰੇ ਸਪੈਕਟ੍ਰੋਮੀਟਰ’ (ਐੱਚ.ਈ.ਐੱਲ.1 ਓ.ਐਸ.) ਵਿਸਤ੍ਰਿਤ ਐਕਸ-ਰੇ ਊਰਜਾ ਖੇਤਰ ’ਚ ਸੂਰਜ ਤੋਂ ਆਉਣ ਵਾਲੀ ਐਕਸ-ਰੇ ਫ਼ਲੇਅਰ ਦਾ ਅਧਿਐਨ ਕਰਨਗੇ। 

‘ਮੈਗਨੇਟੋਮੀਟਰ’ ਨਾਮਕ ਉਪਕਰਨ ‘ਐੱਲ1’ ਬਿੰਦੂ ’ਤੇ ਅੰਤਰਗ੍ਰਹਿ ਚੁੰਬਕੀ ਖੇਤਰ ਨੂੰ ਮਾਪਣ ’ਚ ਸਮਰੱਥ ਹੈ। 

‘ਆਦਿਤਿਆ-ਐਲ1’ ਦੇ ਉਪਕਰਨ ਇਸਰੋ ਦੇ ਵੱਖੋ-ਵੱਖ ਕੇਂਦਰਾਂ ਦੇ ਸਹਿਯੋਗ ਨਾਲ ਦੇਸ਼ ਅੰਦਰ ਹੀ ਬਣਾਏ ਗਏ ਹਨ। 

SHARE ARTICLE

ਏਜੰਸੀ

Advertisement

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM

Captain Amarinder ਦੀ ਚਾਚੀ ਕਰੇਗੀ Preneet Kaur ਖਿਲਾਫ਼ ਪ੍ਰਚਾਰ! ਕਹਿੰਦੇ, 'ਇਨ੍ਹਾਂ ਨੇ ਮੇਰੇ ਨਾਲ ਮਾੜੀ ਕੀਤੀ !'

09 May 2024 3:19 PM

?Debate Live : 'ਹਰਨਾਮ ਸਿੰਘ ਧੂੰਮਾ ਖੁਦ ਵੀ ਵਿਆਹ ਕਰਵਾਉਣ ਤੇ ਪੰਥ ਨੂੰ ਵਧਾਉਣ ਲਈ 2-4 ਬੱਚੇ ਪੈਦਾ ਕਰਨ'..

09 May 2024 11:16 AM

Big Breaking : ਸਪੋਕਸਮੈਨ ਦੀ ਖ਼ਬਰ 'ਤੇ ਲੱਗੀ ਮੋਹਰ, ਫਿਰੋਜ਼ਪੁਰ ਤੋਂ ਕੈਪਟਨ ਦੇ ਖ਼ਾਸ ਰਾਣਾ ਸੋਢੀ ਨੂੰ ਮਿਲੀ ਟਿਕਟ

09 May 2024 10:02 AM
Advertisement