
ਕਿਸਾਨ ਦੇ ਬੇਟੇ ਨੂੰ ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ : ਮਹਾਰਾਸ਼ਟਰ ਦੇ ਵਿਧਾਇਕ
ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਇਕ ਵਿਧਾਇਕ ਨੇ ਇਹ ਦਾਅਵਾ ਕਰ ਕੇ ਵਿਵਾਦ ਖੜਾ ਕਰ ਦਿਤਾ ਹੈ ਕਿ ਇਕ ਕਿਸਾਨ ਦੇ ਬੇਟੇ ਨੂੰ ਘੱਟ ਸੋਹਣੀ ਲਾੜੀ ਨਾਲ ਸਮਝੌਤਾ ਕਰਨਾ ਪੈਂਦਾ ਹੈ ਕਿਉਂਕਿ ਚੰਗੀ ਦਿੱਖ ਵਾਲੀਆਂ ਕੁੜੀਆਂ ਪੱਕੀ ਨੌਕਰੀ ਵਾਲੇ ਆਦਮੀ ਨਾਲ ਵਿਆਹ ਕਰਨਾ ਪਸੰਦ ਕਰਦੀਆਂ ਹਨ।
ਵਰੂਡ-ਮੁਰਸ਼ੀ ਸੀਟ ਤੋਂ ਆਜ਼ਾਦ ਵਿਧਾਇਕ ਦੇਵੇਂਦਰ ਭੂਯਾਰ ਨੇ ਮੰਗਲਵਾਰ ਨੂੰ ਜ਼ਿਲ੍ਹੇ ਦੀ ਵਰੂਡ ਤਹਿਸੀਲ ’ਚ ਇਕ ਇਕੱਠ ’ਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਇਹ ਟਿਪਣੀ ਕੀਤੀ।
ਉੱਪ ਮੁੱਖ ਮੰਤਰੀ ਅਜੀਤ ਪਵਾਰ ਦੇ ਸਮਰਥਕ ਵਿਧਾਇਕ ਭੁਯਾਰ ਨੇ ਕਿਹਾ, ‘‘ਜੇਕਰ ਕੋਈ ਲੜਕੀ ਖੂਬਸੂਰਤ ਹੈ ਤਾਂ ਉਹ ਤੁਹਾਡੇ ਅਤੇ ਮੇਰੇ ਵਰਗੇ ਆਦਮੀ ਨੂੰ ਪਸੰਦ ਨਹੀਂ ਕਰੇਗੀ ਪਰ ਉਹ (ਅਪਣੇ ਪਤੀ ਦੀ ਚੋਣ ਕਰਦੇ ਸਮੇਂ) ਨੌਕਰੀ ਵਾਲੇ ਵਿਅਕਤੀ ਨੂੰ ਪਸੰਦ ਕਰੇਗੀ।’’
ਉਨ੍ਹਾਂ ਕਿਹਾ, ‘‘ਜਿਹੜੀਆਂ ਕੁੜੀਆਂ ਦੂਜੇ ਨੰਬਰ ’ਤੇ ਹਨ, ਯਾਨੀਕਿ ਜੋ ਘੱਟ ਸੋਹਣੀਆਂ ਹਨ, ਉਹ ਕਰਿਆਨੇ ਦੀ ਦੁਕਾਨ ਵਾਲੇ ਜਾਂ ਪਾਨ ਦੀ ਦੁਕਾਨ ਚਲਾਉਣ ਵਾਲੇ ਲੋਕਾਂ ਨੂੰ ਪਸੰਦ ਕਰਦੀਆਂ ਹਨ। ਤੀਜੇ ਨੰਬਰ ਦੀ ਕੁੜੀ ਕਿਸੇ ਕਿਸਾਨ ਦੇ ਬੇਟੇ ਨਾਲ ਵਿਆਹ ਕਰਨਾ ਪਸੰਦ ਕਰੇਗੀ।’’
ਭੂਯਾਰ ਨੇ ਇਹ ਵੀ ਕਿਹਾ ਕਿ ਸਿਰਫ ‘ਸੱਭ ਤੋਂ ਹੇਠਲੇ ਪੱਧਰ’ ਦੀਆਂ ਕੁੜੀਆਂ ਹੀ ਕਿਸਾਨ ਪਰਵਾਰ ਦੇ ਮੁੰਡੇ ਨਾਲ ਵਿਆਹ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਆਹਾਂ ਤੋਂ ਪੈਦਾ ਹੋਏ ਬੱਚੇ ਵੀ ਸੁੰਦਰ ਨਹੀਂ ਹੁੰਦੇ।
ਕਾਂਗਰਸ ਆਗੂ ਅਤੇ ਮਹਾਰਾਸ਼ਟਰ ਦੀ ਸਾਬਕਾ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਯਸ਼ੋਮਤੀ ਠਾਕੁਰ ਨੇ ਔਰਤਾਂ ਬਾਰੇ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਲਈ ਭੂਯਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਅਜੀਤ ਪਵਾਰ ਅਤੇ ਸੱਤਾਧਾਰੀਆਂ ਨੂੰ ਅਪਣੇ ਵਿਧਾਇਕਾਂ ਨੂੰ ਕਾਬੂ ’ਚ ਰਖਣਾ ਚਾਹੀਦਾ ਹੈ। ਕੋਈ ਵੀ ਔਰਤਾਂ ਦੇ ਅਜਿਹੇ ਵਰਗੀਕਰਨ ਨੂੰ ਬਰਦਾਸ਼ਤ ਨਹੀਂ ਕਰੇਗਾ। ਸਮਾਜ ਤੁਹਾਨੂੰ ਸਬਕ ਸਿਖਾਏਗਾ।’’