
ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਾਲ ਹੀ ’ਚ ਨੌਕਰੀ ਦੀ ਭਾਲ ’ਚ ਚੇਨਈ ਗਏ ਸਨ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ
ਕੋਲਕਾਤਾ : ਪਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਚੇਨਈ ’ਚ ਕਥਿਤ ਤੌਰ ’ਤੇ ਭੁੱਖ ਨਾਲ ਸੂਬੇ ਦੇ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ’ਤੇ ਚਿੰਤਾ ਜ਼ਾਹਰ ਕੀਤੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ‘‘ਸੰਵਿਧਾਨਕ ਸਹਿਯੋਗੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਹਨ।’’
ਬੋਸ ਦੀ ਇਹ ਟਿਪਣੀ ਸੋਮਵਾਰ ਨੂੰ ਤਾਮਿਲਨਾਡੂ ਦੀ ਰਾਜਧਾਨੀ ’ਚ ਪੂਰਬ ਮੇਦਿਨੀਪੁਰ ਜ਼ਿਲ੍ਹੇ ਦੇ ਇਕ ਪ੍ਰਵਾਸੀ ਮਜ਼ਦੂਰ ਦੀ ‘ਭੁੱਖਮਰੀ’ ਨਾਲ ਮੌਤ ਦੇ ਮੱਦੇਨਜ਼ਰ ਆਈ ਹੈ। ਉਨ੍ਹਾਂ ਨੇ ਸੂਬੇ ਦੇ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ’ਤੇ ਵੀ ਚਿੰਤਾ ਜ਼ਾਹਰ ਕੀਤੀ, ਜਿਨ੍ਹਾਂ ਨੂੰ ਰੋਜ਼ੀ-ਰੋਟੀ ਦੀ ਭਾਲ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੋਸ ਨੇ ਕਿਹਾ, ‘‘ਕੀ ਮਮਤਾ ਬੈਨਰਜੀ, ਗਾਂਧੀ ਜੀ ਦੇ ਪਿਆਰੇ ਦਰਿਦਰ ਨਾਰਾਇਣ ਦੀ ਇਸ ਤਰ੍ਹਾਂ ਦੇਖਭਾਲ ਕਰਦੀ ਹੈ?’’
ਸਰਕਾਰੀ ਸੂਤਰਾਂ ਅਨੁਸਾਰ, ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਾਲ ਹੀ ’ਚ ਨੌਕਰੀ ਦੀ ਭਾਲ ’ਚ ਚੇਨਈ ਗਏ ਸਨ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ। ਉਨ੍ਹਾਂ ਦੋਸ਼ ਲਾਇਆ ਕਿ ਮਜ਼ਦੂਰ ਭੁੱਖੇ ਅਤੇ ਕਮਜ਼ੋਰ ਹਾਲਤ ’ਚ ਮਿਲੇ ਅਤੇ ਉਨ੍ਹਾਂ ’ਚੋਂ ਕੁੱਝ ਨੂੰ ਚੇਨਈ ਰੇਲਵੇ ਸਟੇਸ਼ਨ ਤੋਂ ਬੇਹੋਸ਼ੀ ਦੀ ਹਾਲਤ ’ਚ ਬਚਾਇਆ ਗਿਆ।
ਉਨ੍ਹਾਂ ਕਿਹਾ ਕਿ ਜਿਸ ਹਸਪਤਾਲ ’ਚ ਵੀ ਪੰਜਾਂ ਮਜ਼ਦੂਰਾਂ ਨੂੰ ਭਰਤੀ ਕਰਵਾਇਆ ਗਿਆ ਉਥੇ ਵੀ ਇਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਵਿਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦਸਿਆ ਕਿ ਇਕ ਮਜ਼ਦੂਰ ਸਮਰ ਖਾਨ ਦੀ 30 ਸਤੰਬਰ ਨੂੰ ਮੌਤ ਹੋ ਗਈ ਸੀ।
ਇਕ ਅਧਿਕਾਰੀ ਨੇ ਦਸਿਆ ਕਿ ਖਾਨ ਦੀ ਲਾਸ਼ ਨੂੰ ਪੂਰਬ ਮੇਦਿਨੀਪੁਰ ਜ਼ਿਲ੍ਹੇ ਲਿਜਾਇਆ ਜਾ ਰਿਹਾ ਹੈ, ਜਦਕਿ ਚਾਰ ਹੋਰਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਹੈ। ਬੋਸ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਪ੍ਰਤੀ ਸੰਵੇਦਨਸ਼ੀਲ ਅਤੇ ਜਵਾਬਦੇਹ ਹੋਣਾ ਚਾਹੀਦਾ ਹੈ।
ਬੋਸ ਕੇਰਲ ’ਚ ਸਨ ਅਤੇ ਘਟਨਾ ਤੋਂ ਬਾਅਦ ਉਹ ਚੇਨਈ ਲਈ ਉਡਾਣ ਭਰੇ ਅਤੇ ਹਸਪਤਾਲਾਂ ਅਤੇ ਸ਼ੈਲਟਰ ਹੋਮਜ਼ ’ਚ ਦਾਖਲ ਲੋਕਾਂ ਦੀ ਮਦਦ ਲਈ ਅਧਿਕਾਰੀ ਵੀ ਭੇਜੇ। ਬੋਸ ਨੇ ਰਾਜ ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ।