
ਇਸ ਦੇ ਨਾਲ ਹੀ EPFO ਨੇ ਕਿਹਾ ਹੈ ਕਿ ਜਿਨ੍ਹਾਂ ਦਾ ਖਾਤਾ ਅਪਡੇਟ ਨਹੀਂ ਹੋਇਆ, ਉਹਨਾਂ 'ਤੇ ਕੰਮ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ: ਪ੍ਰੋਵੀਡੈਂਟ ਫੰਡ ਖਾਤਾ ਧਾਰਕਾਂ ਲਈ ਇਕ ਖੁਸ਼ਖਬਰੀ ਹੈ। ਦਰਅਸਲ ਉਹਨਾਂ ਦੇ ਪੀਐਫ ਖਾਤੇ ਵਿਚ ਵਿਆਜ ਦਾ ਪੈਸਾ ਦਿਖਾਈ ਦੇਣ ਲੱਗਿਆ ਹੈ। ਪੀਐਫ ਵਿਚ ਜੋ ਵੀ ਰਕਮ ਜਮ੍ਹਾ ਹੈ, ਉਹ ਵਿਆਜ ਸਮੇਤ ਦਿਖਾਈ ਦੇਣ ਲੱਗੀ ਹੈ। ਦਰਅਸਲ ਕਰਮਚਾਰੀ ਭਵਿੱਖ ਨਿਧੀ ਸੰਗਠਨ ਦਾ ਸਾਫਟਵੇਅਰ ਕੁਝ ਦਿਨਾਂ ਤੋਂ ਅਪਡੇਟ ਕੀਤਾ ਗਿਆ ਹੈ। ਇਸ ਕਾਰਨ ਪੀਐਫ ਖਾਤੇ ਵਿਚ ਵਿਆਜ ਦੀ ਰਕਮ ਨਜ਼ਰ ਨਹੀਂ ਆ ਰਹੀ ਸੀ।
ਵਿਆਜ ਦੇ ਪੈਸੇ ਕਿਉਂ ਨਹੀਂ ਦਿਖ ਰਹੇ ਇਸ ਨੂੰ ਲੈ ਕੇ ਕਾਫੀ ਚਰਚਾ ਹੋਈ ਪਰ ਹੁਣ ਸਾਫਟਵੇਅਰ ਨੂੰ ਅਪਗ੍ਰੇਡ ਕੀਤਾ ਗਿਆ ਹੈ ਅਤੇ ਵਿਆਜ ਦੀ ਰਕਮ ਦਿਖਾਈ ਦੇ ਰਹੀ ਹੈ। ਇਸ ਦੇ ਲਈ ਪ੍ਰੋਵੀਡੈਂਟ ਫੰਡ ਸੇਵਿੰਗ ਐਕਟ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਅਪਗ੍ਰੇਡੇਸ਼ਨ ਦਾ ਕੰਮ ਅਜੇ ਵੀ ਜਾਰੀ ਹੈ, ਇਸ ਲਈ ਕਈ ਖਾਤਿਆਂ ਵਿਚ ਵਿਆਜ ਨਹੀਂ ਦਿਖਾਈ ਦੇ ਰਿਹਾ। ਪਰ ਲਗਭਗ 3.5 ਕਰੋੜ ਖਾਤਾ ਧਾਰਕਾਂ ਦੇ ਖਾਤੇ ਵਿਆਜ ਸਮੇਤ ਅਪਡੇਟ ਕੀਤੇ ਗਏ ਹਨ।
ਇਸ ਦੇ ਨਾਲ ਹੀ EPFO ਨੇ ਕਿਹਾ ਹੈ ਕਿ ਜਿਨ੍ਹਾਂ ਦਾ ਖਾਤਾ ਅਪਡੇਟ ਨਹੀਂ ਹੋਇਆ, ਉਹਨਾਂ 'ਤੇ ਕੰਮ ਕੀਤਾ ਜਾ ਰਿਹਾ ਹੈ। ਇਕ ਮਹੀਨੇ ਦੇ ਅੰਦਰ ਹਰੇਕ ਦਾ ਖਾਤਾ ਅਪਡੇਟ ਹੋ ਜਾਵੇਗਾ ਅਤੇ ਉਹਨਾਂ ਦੇ ਖਾਤੇ ਵਿਚ ਵਿਆਜ ਦੀ ਰਕਮ ਦੇ ਨਾਲ ਪੂਰੀ ਰਕਮ ਵੀ ਦਿਖਾਈ ਦੇਵੇਗੀ। ਪੀਐਫ ਦੀ ਰਕਮ ਆਨਲਾਈਨ ਵੇਖੀ ਜਾ ਸਕਦੀ ਹੈ। ਜੇਕਰ ਗਾਹਕ ਚਾਹੇ ਤਾਂ ਮੋਬਾਈਲ ਨੰਬਰ ਰਾਹੀਂ ਵੀ ਆਪਣੇ ਖਾਤੇ ਦਾ ਬਕਾਇਆ ਜਾਣ ਸਕਦਾ ਹੈ।
ਇਸ ਦੇ ਲਈ ਨਵਾਂ ਨੰਬਰ ਜਾਰੀ ਕੀਤਾ ਗਿਆ ਹੈ। ਇਹ ਨੰਬਰ 99660-44425 ਹੈ। ਗਾਹਕਾਂ ਨੂੰ ਆਪਣੇ ਰਜਿਸਟਰਡ ਨੰਬਰ ਤੋਂ ਇਸ ਮੋਬਾਈਲ ਨੰਬਰ 'ਤੇ ਕਾਲ ਕਰਨੀ ਹੋਵੇਗੀ। ਇਸ ਨੰਬਰ ਨੂੰ ਡਾਇਲ ਕਰਨ 'ਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਐਸਐਮਐਸ ਪ੍ਰਾਪਤ ਹੋਵੇਗਾ ਜਿਸ ਵਿਚ ਪੀਐਫ ਖਾਤੇ ਦੀ ਪੂਰੀ ਜਾਣਕਾਰੀ ਹੋਵੇਗੀ।