
ਟਵਿੱਟਰ 'ਤੇ ਬਲੂ ਟਿਕ ਪ੍ਰਾਪਤ ਕਰਨਾ ਬਹੁਤ ਸਾਰੇ ਲੋਕਾਂ ਲਈ ਇਕ ਪ੍ਰਾਪਤੀ ਹੈ।
ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਮੁਖੀ ਬਣ ਗਏ ਹਨ। ਮਸਕ ਵੱਲੋਂ ਟਵਿੱਟਰ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਨਾ ਸਿਰਫ ਕਰਮਚਾਰੀਆਂ ਲਈ ਸਗੋਂ ਯੂਜ਼ਰਸ ਲਈ ਵੀ ਬਹੁਤ ਕੁਝ ਬਦਲ ਸਕਦਾ ਹੈ। ਕੰਪਨੀ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਹਨਾਂ ਵਿਚੋਂ ਇਕ ਬਲੂ ਟਿੱਕ ਨਾਲ ਸਬੰਧਤ ਨਿਯਮ ਹੈ। ਟਵਿੱਟਰ 'ਤੇ ਬਲੂ ਟਿਕ ਪ੍ਰਾਪਤ ਕਰਨਾ ਬਹੁਤ ਸਾਰੇ ਲੋਕਾਂ ਲਈ ਇਕ ਪ੍ਰਾਪਤੀ ਹੈ।
ਹੁਣ ਤੱਕ ਇਹ ਉਪਭੋਗਤਾਵਾਂ ਲਈ ਮੁਫਤ ਸੀ ਪਰ ਹੁਣ ਤੁਹਾਨੂੰ ਇਸ ਸੇਵਾ ਲਈ ਪੈਸੇ ਖਰਚਣੇ ਪੈ ਸਕਦੇ ਹਨ। ਟਵਿੱਟਰ ਦੇ ਨਵੇਂ ਮਾਲਕ ਇਸ ਪ੍ਰਕਿਰਿਆ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਐਲਾਨ ਕੀਤਾ ਸੀ ਕਿ ਟਵਿੱਟਰ ਆਪਣੇ ਉਪਭੋਗਤਾਵਾਂ ਲਈ ਤਸਦੀਕ ਪ੍ਰਕਿਰਿਆ ਨੂੰ ਸੋਧ ਕਰੇਗਾ।
ਰਿਪੋਰਟਾਂ ਅਨੁਸਾਰ ਨਵੇਂ ਟਵਿੱਟਰ ਸਬਸਕ੍ਰਿਪਸ਼ਨ ਲਈ ਪ੍ਰਤੀ ਮਹੀਨਾ $19.99 ਚਾਰਜ ਕਰ ਸਕਦੇ ਹਨ। ਭਾਰਤੀ ਮੁਦਰਾ ਵਿਚ ਇਸ ਦੀ ਕੀਮਤ 1,600 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਹੈ। ਇਕ ਰਿਪੋਰਟ ਅਨੁਸਾਰ ਕੰਪਨੀ ਦੇ ਵਿਕਲਪਿਕ 4.99 ਡਾਲਰ ਪ੍ਰਤੀ ਮਹੀਨਾ ਸਬਸਕ੍ਰਿਪਸ਼ਨ ਨੂੰ ਬਦਲਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਵਾਧੂ ਵਿਸ਼ੇਸ਼ਤਾਵਾਂ ਨੂੰ ਅਨਲੌਕ ਕਰੇਗਾ।
ਦੱਸ ਦੇਈਏ ਕਿ ਬਲੂ ਟਿੱਕ ਤੋਂ ਇਲਾਵਾ ਸਮੱਗਰੀ ਦੇ ਲਿਹਾਜ਼ ਨਾਲ ਮਸਕ ਵੱਲੋਂ ਵੱਡੇ ਫੈਸਲੇ ਵੀ ਲਏ ਜਾ ਸਕਦੇ ਹਨ। ਹਾਲ ਹੀ 'ਚ ਮਸਕ ਨੇ ਇਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਜਲਦ ਹੀ ਇਕ ਕੰਟੈਂਟ ਮੋਡਰੇਸ਼ਨ ਕੌਂਸਲ ਦਾ ਗਠਨ ਕੀਤਾ ਜਾਵੇਗਾ। ਇਸ ਵਿਚ ਵੱਖ-ਵੱਖ ਵਿਚਾਰਾਂ ਦੇ ਲੋਕ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਮਸਕ ਉਹਨਾਂ ਲੋਕਾਂ ਦੇ ਖਾਤਿਆਂ ਨੂੰ ਵੀ ਬਹਾਲ ਕਰ ਸਕਦਾ ਹੈ, ਜਿਨ੍ਹਾਂ ਦੇ ਟਵਿੱਟਰ ਖਾਤੇ ਬੰਦ ਕਰ ਦਿੱਤੇ ਗਏ ਸਨ।