
ਘਟਨਾ ਬਾਰੇ ਪਤਾ ਲੱਗਣ 'ਤੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਕੇਰਲ ਹਾਈ ਕੋਰਟ ਦੇ ਜੱਜ ਨੇ ਪੁਲਿਸ ਅਧਿਕਾਰੀ ਦੀ ਤਾਰੀਫ਼ ਕੀਤੀ।
ਤਿਰੂਵਨੰਤਪੁਰਮ - ਮਾਤਾ-ਪਿਤਾ ਦੇ ਆਪਸੀ ਝਗੜੇ ਕਾਰਨ ਮੁਸੀਬਤ 'ਚ ਫ਼ਸੇ 12 ਦਿਨਾਂ ਦੇ ਨਵਜੰਮੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਮਹਿਲਾ ਪੁਲੀਸ ਅਧਿਕਾਰੀ ਨੇ ਉਸ ਨੂੰ ਦੁੱਧ ਪਿਲਾਇਆ। ਘਟਨਾ ਬਾਰੇ ਪਤਾ ਲੱਗਣ 'ਤੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਅਤੇ ਕੇਰਲ ਹਾਈ ਕੋਰਟ ਦੇ ਜੱਜ ਨੇ ਪੁਲਿਸ ਅਧਿਕਾਰੀ ਦੀ ਤਾਰੀਫ਼ ਕੀਤੀ।
ਸੂਬਾ ਪੁਲਿਸ ਦੇ ਮੀਡੀਆ ਵਿੰਗ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ, ਕੇਰਲ ਹਾਈ ਕੋਰਟ ਦੇ ਜੱਜ ਦੇਵਨ ਰਾਮਚੰਦਰਨ ਨੇ ਰਾਜ ਦੇ ਪੁਲਿਸ ਮੁਖੀ ਨੂੰ ਇੱਕ ਪੱਤਰ ਵਿੱਚ ਸਿਵਲ ਪੁਲਿਸ ਅਧਿਕਾਰੀ ਐਮ.ਆਰ. ਰਮਿਆ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਲਈ ਇੱਕ ਪ੍ਰਸ਼ੰਸਾ ਪੱਤਰ ਵੀ ਭੇਜਿਆ ਹੈ। ਸਰਟੀਫ਼ਿਕੇਟ 'ਚ ਜਸਟਿਸ ਰਾਮਚੰਦਰਨ ਨੇ ਕਿਹਾ, ''ਅੱਜ ਤੁਸੀਂ ਪੁਲਿਸ ਦਾ ਸਭ ਤੋਂ ਖੂਬਸੂਰਤ ਰੂਪ ਹੋ। ਤੁਸੀਂ ਇੱਕ ਬਿਹਤਰੀਨ ਅਫ਼ਸਰ ਅਤੇ ਸੱਚੀ ਮਾਂ, ਦੋਵੇਂ ਹੋ।"
ਇਸ 'ਚ ਲਿਖਿਆ ਗਿਆ ਹੈ, ''ਮਾਂ ਦਾ ਦੁੱਧ ਰੱਬ ਦੀ ਦਾਤ ਹੈ, ਜੋ ਸਿਰਫ਼ ਇੱਕ ਮਾਂ ਹੀ ਦੇ ਸਕਦੀ ਹੈ ਅਤੇ ਤੁਸੀਂ ਡਿਊਟੀ ਨਿਭਾਉਂਦੇ ਹੋਏ ਉਹ ਦਿੱਤਾ। ਤੁਸੀਂ ਸਾਡੇ ਸਾਰਿਆਂ ਵਿੱਚ ਭਵਿੱਖ ਵਾਸਤੇ ਮਨੁੱਖਤਾ ਦੀ ਉਮੀਦ ਨੂੰ ਜਿਉਂਦਾ ਰੱਖ ਰਹੇ ਹੋ।"
ਬਿਆਨ ਮੁਤਾਬਿਕ, ਇਸ ਤੋਂ ਇਲਾਵਾ ਪੁਲਿਸ ਮੁਖੀ ਅਨਿਲ ਕਾਂਤ ਨੇ ਰਮਿਆ ਨੂੰ ਪ੍ਰਸ਼ੰਸਾ ਪੱਤਰ ਵੀ ਸੌਂਪਿਆ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪੁਲਿਸ ਹੈੱਡਕੁਆਰਟਰ ਆਉਣ ਦਾ ਸੱਦਾ ਦਿੱਤਾ। ਬਿਆਨ ਅਨੁਸਾਰ ਕਾਂਤ ਨੇ ਕਿਹਾ ਕਿ ਰਮਿਆ ਦੇ ਇਸ ਕਾਰਜ ਨਾਲ ਪੁਲਿਸ ਦਾ ਅਕਸ ਬਿਹਤਰ ਹੋਇਆ ਹੈ।